05 March 2018

ਚੌਧਰੀਆਂ ਬਿਨ੍ਹਾਂ ਸਿਰੇ ਨਹੀਂ ਚੜ੍ਹਨੀ ਸਰਦਾਰਾਂ ਦੀ ਰਾਸ਼ਟਰੀ ਪਾਰਟੀ ਵਾਲੀ ਰੀਝ

                                                        ਇਕਬਾਲ ਸਿੰਘ ਸ਼ਾਂਤ 
ਡੱਬਵਾਲੀ : ਅਕਾਲੀ ਦਲ (ਬਾਦਲ) ਨੂੰ ਰਾਸ਼ਟਰੀ ਬਣਨ ਲਈ ਹਰਿਆਣੇ ਵਿੱਚ ਆਪਣੀ ਸਿਆਸਤ ਦੀ ਪਰਵਾਜ਼ ਚੌਟਾਲਿਆਂ ਦੇ ਸਹਾਰੇ ਵਗੈਰ ਅਸਮਾਨੀਂ ਚੜ੍ਹਦੀ ਨਹੀਂ ਵਿਖਦੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰਿਆਣਵੀ ਮੈਦਾਨ ’ਚ ਤੱਕੜੀ ਚੋਣ ਨਿਸ਼ਾਨ ’ਤੇ ਸਿਆਸੀ ਜ਼ੋਰ-ਅਜਮਾਇਸ਼ ਦੇ ਐਲਾਨ ਉਸਨੂੰ ਇਨੈਲੋ ਦੀ ਸਿਆਸੀ ਜ਼ਮੀਨ ਹੰਢਿਆ-ਵਰਤਿਆ
ਬ੍ਰਹਮ-ਅਸਤਰ ਜਾਪ ਰਿਹਾ ਹੈ। ਦੇਸ਼ ਵਿੱਚ ਇਸ ਸਮੇਂ ਕਾਂਗਰਸ, ਭਾਜਪਾ, ਸੀ.ਪੀ.ਆਈ. (ਐਮ.), ਸੀ.ਪੀ.ਆਈ, ਬਹੂਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਆਦਿ ਨੈਸ਼ਨਲ ਪਾਰਟੀਆਂ ਦੀ ਸੂਚੀ ਵਿੱਚ ਦਰਜ ਹਨ। ਜਦੋਂਕਿ ਦੇਸ਼ ਖੇਤਰੀਆਂ ਪਾਰਟੀਆਂ ਦੀ ਸੂਚੀ ਵਿੱਚ ਅਕਾਲੀ ਦਲ, ਇਨੈਲੋ, ਆਮ ਆਦਮੀ ਪਾਰਟੀ ਸਮੇਤ ਤਕਰੀਬਨ 50 ਪਾਰਟੀਆਂ ਹਨ। 

     ਬੀਤੇ ਕੱਲ੍ਹ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੇ ਤੇਜਾਖੇੜਾ ਫਾਰਮ ਹਾਊਸ ’ਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਰਿਆਣਾ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਵੀ ਮੌਜੂਦ ਸਨ। ਪਾਣੀਆਂ ਦੇ ਮਸਲੇ ’ਤੇ ਦੋਵੇਂ ਪਾਰਟੀਆਂ ’ਚ ਵਿਚਾਰਕ ਦੂਰੀਆਂ ਵਿਖ ਰਹੀਆਂ ਹਨ ਪਰ ਚੌਟਾਲੇ ਅਤੇ ਬਾਦਲ ਪਰਿਵਾਰ ਪੱਖੋਂ ਬੇਹੱਦ ਨੇੜੇ ਹਨ। ਜੱਗਜਾਹਰ ਹੈ ਕਿ ਅਕਾਲੀ ਦਲ ਰਾਸ਼ਟਰੀ ਪਾਰਟੀਆਂ ਵਾਲੀ ਸੂਚੀ ’ਚ ਆਉਣ ਲਈ ਹਰਿਆਣੇ ’ਚ ਆਪਣੇ ਰਵਾਇਤੀ ਭਾਈਵਾਲ ਨਾਲ ਇਨੈਲੋ ਨਾਲ ਮੁੜ ਸਿਆਸੀ ਸਾਂਝ ਦੀ ਫਿਰਾਕ ਵਿੱਚ ਹੈ।
ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਦਰਜੇ ਵਾਲੀ ਰੀਝ ਸੁਖਬੀਰ ਸਿੰਘ ਬਾਦਲ ਦੇ ਮਨ ਵਿੱਚ ਕਾਫ਼ੀ ਪੁਰਾਣੀ ਦੱਸੀ ਜਾਂਦੀ ਹੈ। ਹੁਣ ਵਿਹਲਾ ਸਮਾਂ ਹੋਣ ਕਰਕੇ ਉਹ ਇਸ ਕਾਰਜ ਨੇਪਰੇ ਚਾੜ੍ਹਨਾ ਚਾਹੁੰਦੇ ਹਨ। ਦੂਜੇ ਪਾਸੇ ਹਰਿਆਣੇ ਵਿੱਚ ਸੱਤਾ ਵਾਪਸੀ ਸੰਘਰਸ਼ਸ਼ੀਲ ਇੰਡੀਅਨ ਨੈਲਸ਼ਨ ਲੋਕਦਲ ਦਾ ਪਾਣੀਆਂ ਦੇ ਵਿਵਾਦ ਤਹਿਤ ਅਕਾਲੀ ਦਲ ਨਾਲੋਂ ਆਪਣੀ ਸਿਆਸੀ ਦੂਰੀ ਦਰਸਾਉਣਾ ਸਿਆਸੀ ਮਜ਼ਬੂਰੀ ਹੈ। 
ਕਣਸੋਆਂ ਹਨ ਹੈ ਕਿ ਇਸ ਮੁਲਾਕਾਤ ਮੌਕੇ ਲੋਕਸਭਾ ਚੋਣਾਂ ਅਤੇ ਅਕਾਲੀ ਦਲ ਦੀ ਹਰਿਆਣੇ ਵਿੱਚ ਸਿਆਸੀ ਸਰਗਰਮੀਆਂ ’ਤੇ ਚਰਚਾ ਹੋਈ ਹੈ। ਹਾਲਾਂਕਿ ਪਰਿਵਾਰਕ ਸੂਤਰਾਂ ਨੇ ਬਾਦਲ-ਚੌਟਾਲਾ ਮਿਲਣੀ ਨੂੰ ਆਮ ਪਰਿਵਾਰਕ ਮੁਲਾਕਾਤ ਦੱਸਿਆ। ਇਸ  ਮੌਕੇ ਦੇਸ਼ ਵਿੱਚ ਕਿਰਸਾਨੀ ਦੀ ਮਾੜੀ ਹਾਲਤ ਤੋਂ ਲੈ ਕੇ ਨੀਰਵ ਮੋਦੀ ਵਾਲੇ ਪੀ.ਐਨ.ਬੀ ਘਪਲੇ ਬਾਰੇ ਵੀ ਚਰਚਾ ਕੀਤੀ ਗਈ। ਦੇਸ਼ ਦੀ ਸਿਆਸਤ ’ਚ ਵਿਸ਼ੇਸ਼ ਮੁਕਾਮ ਰੱਖਦੇ ਦੋਵੇਂ ਸਿਆਸੀ ਧੁਰੰਧਰ
ਲਗਪਗ ਸਵਾ ਘੰਟੇ ਤੱਕ ਇਕੱਠ ਰਹੇ। ਦੱਸਣਯੋਗ ਹੈ ਕਿ ਕਾਲਾਂਵਾਲੀ (ਰਾਖਵੇਂ) ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਬਲਕੌਰ ਸਿੰਘ (ਇਨੈਲੋ ਆਗੂ) ਵੀ ਇਨੈਲੋ ਦੇ ਵੋਟ ਬੈਂਕ ਸਹਾਰੇ ਵਿਧਾਇਕ ਚੁਣੇ ਗਏ। ਇਸਦੇ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਡੱਬਵਾਲੀ ਹਲਕੇ ਤੋਂ ਇਨੈਲੋ ਵਰਕਰ ਜਗਸੀਰ ਸਿੰਘ ਮਾਂਗੇਆਣਾ ਅਕਾਲੀ ਦਲ ਦੀ ਟਿਕਟ ’ਤੇ ਮੈਂਬਰ ਚੁਣੇ ਗਏ ਸਨ। ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਖਿਲਾਫ਼ ਸੁਪਰੀਮ ਕੋਰਟ ਵਿੱਚ ਕੇਸ ਲਿਜਾਣ ਕਰਕੇ ਅਕਾਲੀ ਦਲ ਖਿਲਾਫ਼ ਹਰਿਆਣਵੀ ਸਿੱਖਾਂ ਵਿੱਚ ਜ਼ਮੀਨੀ ਪੱਧਰ ’ਤੇ ਕਾਫ਼ੀ ਰੋਸ ਹੈ। ਅਕਾਲੀ ਦਲ ਨੂੰ ਪਤਾ ਹੈ ਕਿ ਇਸ ਰੋਸੇ ਨੂੰ ਇਨੈਲੋ ਦੇ ਵੋਟ ਬੈਂਕ ਸਹਾਰੇ ਨਜਿੱਠਿਆ ਜਾ ਸਕਦਾ ਹੈ। 

No comments:

Post a Comment