30 October 2017

ਟੈਕਸੀ ਡਰਾਈਵਰ ਬਾਬੂ ਤੋਂ ‘ਬਾਬੂ ਸਾਬ੍ਹ’ ਬਣਨ ਦਾ ਫਲਸਫ਼ਾ

- 50 ਹਜ਼ਾਰ ਰੁਪਏ ਦੀ ਵੱਢੀ ਲੈਂਦਾ ਗ੍ਰਿਫ਼ਤਾਰ ਐਸ.ਸੀ ਕਮਿਸ਼ਨ ਦਾ ਮੈਂਬਰ ਪੰਜਾਵਾ  
- ਮਾਂ-ਪਤਨੀ ਨੇ ਕੇਸ ਨੂੰ ਝੂਠਾ ਦੱਸਿਆ, ਹਫ਼ਤਾ ਪਹਿਲਾ ਭਰਾ 3 ਕਿਲੋ ਭੁੱਕੀ ਸਮੇਤ ਫੜਿਆ ਗਿਆ ਸੀ।  
-ਸੰਵੈਧਾਨਿਕ ਅਹੁਦੇ ਦੇ ਬਾਵਜੂਦ ਬਤੌਰ ਅਕਾਲੀ ਆਗੂ ਰੈਲੀਆਂ/ਮੀਟਿੰਗਾਂ ’ਚ ਵਿਚਰਦਾ ਸੀ

                                                    ਇਕਬਾਲ ਸਿੰਘ ਸ਼ਾਂਤ
ਲੰਬੀ: ਟੈਕਸੀ ਡਰਾਈਵਰੀ ਤੋਂ ਪੰਜਾਬ ਐਸ.ਸੀ. ਕਮਿਸ਼ਨ ਦੇ ਮੈਂਬਰ ਜਿਹੇ ਉੱਚ ਸੰਵੈਧਾਨਿਕ ਅਹੁਦੇ ਤੱਕ ਪੁੱਜੇ ਅਕਾਲੀ ਆਗੂ ਬਾਬੂ ਸਿੰਘ ਪੰਜਾਵਾ ਨੇ ਆਪਣੇ ਹੱਥੀਂ ਜ਼ਿੰਦਗੀ ਨੂੰ ਗ੍ਰਹਿਣ ਲਗਾ ਲਿਆ। ਬੀਤੀ ਰਾਤ ਵਿਜੀਲੈਂਸ ਬਿਊਰੋ ਨੇ ਇੱਕ ਸ਼ਿਕਾਇਤ ਦੇ ਨਿਪਟਾਰੇ ਲਈ 50 ਹਜ਼ਾਰ ਰੁਪਏ ਦੀ ਵੱਢੀ ਲੈਂਦੇ ਸਮੇਂ ਲੰਬੀ ਵਿਖੇ ਬਾਬੂ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਹ ਕਾਰਵਾਈ ਬਰਨਾਲਾ ਜ਼ਿਲ੍ਹੇ ਦੇ ਜੱਟ ਸਿੱਖ ਮੇਜਰ ਸਿੰਘ ਵਾਸੀ ਧੌਲਾ ਦੀ ਸ਼ਿਕਾਇਤ ’ਤੇ ਹੋਈ। ਜਿਸ ਖਿਲਾਫ਼ ਪੰਜਾਬ ਰਾਜ ਐਸ.ਸੀ
ਕਮਿਸ਼ਨ ਵਿੱਚ ਇੱਕ ਸ਼ਿਕਾਇਤ ਪੜਤਾਲ ਅਧੀਨ ਸੀ। ਦੋਸ਼ ਹੈ ਕਿ ਜਿਸ ਦੇ ਨਿਪਟਾਰੇ ਲਈ ਬਾਬੂ ਸਿੰਘ ਨੇ ਮੇਜਰ ਸਿੰਘ ਤੋਂ ਮਾਮਲੇ ਦੇ ਨਿਪਟਾਰੇ ਲਈ ਰੁਪਏ ਮੰਗ ਕੇ ਲਏ ਸਨ। ਪਤਾ ਲੱਗਿਆ ਹੈ ਵਿਜੀਲੈਂਸ ਦੀ ਕੁੰਡੀ ਵਿੱਚ ਫਸਣ ਮੌਕੇ ਬਾਬੂ ਸਿੰਘ, ਲੰਬੀ ਵਿਖੇ ਬੱਸ ਅੱਡੇ ਨੇੜੇ ਇਨੋਵਾ ਗੱਡੀ ’ਚ ਮੱਛੀ ਦੇ ਪਕੌੜਿਆਂ ਦਾ ਸੁਆਦ ਚਖ ਰਿਹਾ ਸੀ। ਪੰਜਾਵਾ ਪਿੰਡ ਦੇ ਚੌਕੀਦਾਰ ਜੀਤ ਸਿੰਘ (ਐਸ.ਸੀ) ਦੇ ਬੀ.ਏ ਪਾਸ ਜੇਠੇ ਪੁੱਤ ਬਾਬੂ ਸਿੰਘ ਪੰਜਾਵਾ ਲਈ ਸਾਬਕਾ ਅਕਾਲੀ ਸਰਕਾਰ ਦਾ 10 ਸਾਲਾ ਰਾਜਭਾਗ ਤਰੱਕੀ ਦਾ ਦੌਰ ਰਿਹਾ। ਜਿਸ ਦੌਰਾਨ ਲੰਬੀ ਦੇ ਟੈਕਸੀ ਸਟੈਂਡ ’ਤੇ ਪਹਿਲਾਂ ਮਾਰੂਤੀ ਕਾਰ ਅਤੇ ਫਿਰ ਇਨੋਵਾ ਗੱਡੀ ’ਤੇ ਸਵਾਰੀਆਂ ਢੋਹਣ ਵਾਲਾ ਬਾਬੂ ਮਹਿਜ਼ ਚੰਦ ਮਹੀਨਿਆਂ ’ਚ ਡਰਾਈਵਰ ਤੋਂ ਅਕਾਲੀ ਆਗੂ ਬਾਬੂ ਸਿੰਘ ਪੰਜਾਵਾ ਬਣ ਗਿਆ। ਬਾਬੂ ਸਿੰਘ ਦੇ ਸਿਆਸੀ ਚੜ੍ਹਾਅ ਨੂੰ ਨੇੜਿਓਂ ਵਾਚਣ ਵਾਲੇ ਦੱਸਦੇ ਹਨ ਕਿ ਇਨੋਵਾ ਗੱਡੀ ਅਕਾਲੀ ਰੈਲੀਆਂ ’ਚ ਕਿਰਾਏ ’ਤੇ ਜਾਣ ਕਰਕੇ ਉਸਦੇ ਸਬੰਧ ਅਕਾਲੀ ਆਗੂਆਂ ਨਾਲ ਬਣ ਗਏ। ਸੁਭਾਅ ਤੋਂ ਤੇਜ਼-ਤਰਾਰ ਬਾਬੂ ਸਿੰਘ ਲੰਬੀ ਹਲਕੇ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇੜਲੀ ਮੁਹਰਲੀ ਲੀਡਰਸ਼ਿਪ ਦੀਆਂ
ਨਜ਼ਰਾਂ ਵਿੱਚ ਚੜ੍ਹ ਗਿਆ। ਉਸਨੂੰ ਅਗਸਤ 2015 ਵਿੱਚ ਅਕਾਲੀ ਸਰਕਾਰ ਨੇ ਛੇ ਸਾਲਾਂ ਲਈ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦਾ ਮੈਂਬਰ ਥਾਪ ਦਿੱਤਾ। ਹਾਲਾਂਕਿ ਉੱਚ ਪੱਧਰੀ ਸੂਤਰਾਂ ਅਨੁਸਾਰ ਉਦੋਂ ਲੰਬੀ ਹਲਕੇ ਦੇ ਇੱਕ ਹੋਰ ਦਲਿਤ ਆਗੂ ਨੇ ਬਾਦਲਾਂ ਕੋਲੋਂ ਐਸ.ਸੀ ਕਮਿਸ਼ਨ ਦੀ ਮੈਂਬਰੀ ਮੰਗੀ ਸੀ। ਬਾਦਲਾਂ ਨੇੜਲੇ ਆਗੂਆਂ ਨੇ ਮੈਂਬਰੀ ਆਪਣੇ ਹੇਠਾਂ ਰੱਖਣ ਲਈ ਆਪਣੇ ਚਹੇਤੇ ਬਾਬੂ ਸਿੰਘ ਦੇ ਨਾਂਅ ’ਤੇ ਮੂਹਰ ਲਗਵਾ ਦਿੱਤੀ। ਮੰਗ ਰੱਖਣ ਵਾਲਾ ਦਲਿਤ ਆਗੂ ਰੇਤਾ, ਬਜ਼ਰੀ ਵੇਚ ਗੁਜਾਰਾ ਲੰਘਾ ਰਿਹਾ ਹੈ।  ਐਸ.ਸੀ. ਕਮਿਸ਼ਨ ਦੀਆਂ ਸੰਵੈਧਾਨਿਕ ਕਦਰਾਂ ਨਾਲ ਬਾਬੂ ਸਿੰਘ ਪੰਜਾਵਾ ਰੱਜ ਕੇ ਖੇਡਦਾ ਹੁੰਦਾ ਸੀ। ਕਮਿਸ਼ਨ ਦੇ ਮੈਂਬਰ ਬਣਨ ਬਾਅਦ ਵੀ ਬਤੌਰ ਅਕਾਲੀ ਆਗੂ ਵਿਚਰਦਾ ਅਤੇ ਪਾਰਟੀ ਦੀਆਂ ਮੀਟਿੰਗਾਂ/ਰੈਲੀਆਂ ’ਚ ਖੁੱਲ੍ਹੇਆਮ ਹਿੱਸਾ ਲੈਂਦਾ। ਗੱਡੀ ’ਤੇ ਬੱਤੀ ਦੇ ਰੋਹਬ ਸਦਕਾ ਦਲਿਤ ਵਰਗ ’ਚ ਪੈਠ ਬਣਾ ਰਿਹਾ ਸੀ। ਬਾਬੂ ਸਿੰਘ ਨੇ ਫੇਸ ਬੁੱਕ ਪੇਜ਼ ’ਤੇ ਉਸਨੇ ਸਾਬਕਾ ਮੁੱਖ ਮੰਤਰੀ ਨਾਲ ਫੋਟੋ ਲਗਾ ਰੱਖੀ ਹੈ। 
        ਜਾਣਕਾਰਾਂ ਅਨੁਸਾਰ ਸੰਵੈਧਾਨਿਕ ਰੁਤਬੇ ਵਾਲੇ ਅਹੁਦੇ ’ਤੇ ਪਹੁੰਚਣ ਨਾਲ ਟੈਕਸੀ ਡਰਾਈਵਰ ਬਾਬੂ ਸਿੰਘ ਪੰਜਾਵਾ ਦਾ ਜੀਵਨ ਉੱਚ ਪੱਧਰੀ ਹੋ ਗਿਆ ਅਤੇ ਸਵਾਰੀਆਂ ਢੋਹਣ ਵਾਲੀ ਟੈਕਸੀ ਇਨੋਵਾ ਗੱਡੀ ਵੀ ਬੱਤੀ ਲੱਗਣ ਨਾਲ ਖਾਸ ਬਣ ਗਈ। ਸਰਕਾਰੇ-ਦਰਬਾਰੇ ਦਬਾਅ ਬਣਨ ਕਰਕੇ ਪੰਜਾਬ ਭਰ ’ਚ ਉਸਦੀ ਜਾਣ-ਪਛਾਣ ਬਣ ਗਈ ਅਤੇ ਉਸਦਾ ਨਾਂਅ ਚੱਲਣ ਲੱਗਿਆ। ਬਾਬੂ ਸਿੰਘ ਆਪਣੇ ਪਿੰਡ ਪੰਜਾਵਾ ਵਿਖੇ ਘਰ ਵਿਖੇ ਬਣਾਏ ਦਫ਼ਤਰ ’ਚ ਦਰਬਾਰ ਲਗਾਉਂਦਾ ਸੀ। ਕਰੀਬ 11 ਮਹੀਨੇ ਤੋਂ ਉਸਨੇ ਲੰਬੀ ਵਿਖੇ ਡਾ. ਅਨਿਲ ਜੈਨ ਦੇ ਕੰਪਲੈਕਸ ਵਿੱਚ ਪਹਿਲੀ ਮੰਜਿਲ ’ਤੇ ਦੁਕਾਨ ਕਿਰਾਏ ’ਤੇ ਲੈ ਕੇ ਵਧੀਆ ਦਫ਼ਤਰ ਬਣਾਇਆ ਸੀ। ਜਿੱਥੇ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਦਰਬਾਰ ਲਗਾਉਂਦਾ ਸੀ। ਲੰਬੀ ਵਾਸੀਆਂ ਅਨੁਸਾਰ ਇਸ ਦਫ਼ਤਰ ’ਚ ਬਾਹਰਲੇ ਖੇਤਰਾਂ ਦੇ ਲੋਕਾਂ ਦੀ ਕਾਫ਼ੀ ਭੀੜ ਰਹਿੰਦੀ ਸੀ। ਘਰੋਂ ਬਾਹਰ ਰਈਸਾਨਾਂ ਅੰਦਾਜ਼ਾਂ ’ਚ ਵਿਚਰਨ ਦੇ ਆਦੀ ਬਾਬੂ ਸਿੰਘ ਨੇ ਜੱਦੀ ਘਰ ਦੀ ਨਕਸ਼-ਨੁਹਾਰ ਬਦਲਣ ਦੀ ਥਾਂ ਵਹੀਕਲਾਂ ਅਤੇ ਅਸਲ੍ਹਾ ਰੱਖਣ ਨੂੰ ਤਰਜੀਹ ਦਿੱਤੀ। ਉਹ ਨਵੇਂ ਬੁਲਟ ਮੋਟਰ ਸਾਇਕਲ ’ਤੇ ਅਕਸਰ ਲੰਬੀ ’ਚ ਘੁੰਮਦਾ ਵੇਖਿਆ ਜਾਂਦਾ ਸੀ। ਅੱਜ-ਕੱਲ੍ਹ ਉਹ 14 ਯੂ.ਐਨ 14 ਅੰਬੈਸੀ ਨੰਬਰ ਦੀ ਇਨੋਵੋ ਗੱਡੀ ’ਤੇ ਘੁੰਮਦਾ
ਹੁੰਦਾ ਸੀ, ਜੋ ਕਿ ਵਿਜੀਲੈਂਸ ਗ੍ਰਿਫ਼ਤਾਰੀ ਸਮੇਂ ਉਸ ਕੋਲ ਸੀ। ਬਾਬੂ ਸਿੰਘ ਵੱਲੋਂ ਆਪਣੇ ਮਕਾਨ ਦੇ ਨਾਲ ਖਹਿੰਦੀ 13-14 ਮਰਲੇ ਜ਼ਮੀਨ 38 ਪ੍ਰਤੀ ਮਰਲੇ ਨੂੰ ਖਰੀਦਣ ਪਿੰਡ ਪੰਜਾਵਾ ਵਿੱਚ ਕਾਫ਼ੀ ਚਰਚਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਮੈਂਬਰੀ ਮਗਰੋਂ ਬਾਬੂ ਸਿੰਘ ਦਾ ਆਰਥਿਕ ਵਜ਼ਨ ਵਧਣ ਲੱਗਿਆ ਸੀ। ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਨੇ ਉਸ ਖਿਲਾਫ਼ 7/13/2 (88) ਪ.ਸੀ. ਐਕਟ ਤਹਿਤ ਪਰਚਾ ਦਰਜਾ ਕੀਤਾ ਹੈ। ਇਸੇ ਦੌਰਾਨ ਧਾਰਾ 144 ਲਾਗੂ ਹੋਣ ਦੌਰਾਨ ਰਿਵਾਲਵਰ ਲੈ ਕੇ ਘੁੰਮਣ ਦੇ ਦੋਸ਼ਾਂ ਤਹਿਤ ਉਸ ਖਿਲਾਫ਼ ਥਾਣਾ ਲੰਬੀ ਵਿਖੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸਦੇ ਘਰ ਪੁੱਜਣ ’ਤੇ ਪੱਤਰਕਾਰਾਂ ਨੇ ਵੇਖਿਆ ਕਿ ਮੂਹਰਲੇ ਕਮਰੇ ’ਚ ਬਾਬੂ ਸਿੰਘ ਦਾ ਦਫ਼ਤਰ ਬਣਿਆ ਹੈ। ਜਿੱਥੇ ਵੱਡੀ ਕੁਰਸੀ ਪਿੱਛੇ ਬਾਦਲਾਂ ਨਾਲ ਸਿਆਸੀ ਸਰਗਰਮੀਆਂ ਦੀ ਫੋਟੋਆਂ ਲੱਗੀਆਂ ਸਨ। ਇੱਕ ਅਲਮਾਰੀ ’ਚ ਦਰਜਨਾਂ ਸਨਮਾਨ ਚਿੰਨ੍ਹ ਸਜੇ ਸਨ। ਉਸਦੀ ਮਾਤਾ ਬਲਵੰਤ ਕੌਰ, ਪਤਨੀ ਪਰਮਜੀਤ ਕੌਰ ਸਮੇਤ ਹੋਰ ਰਿਸ਼ਤੇਦਾਰ ਮੌਜੂਦ ਸਨ। ਬਲਵੰਤ ਕੌਰ ਨੇ ਕਿਹਾ ਕਿ ਉਸਦਾ ਪੁੱਤ ਮੈਂਬਰ ਪੰਚਾਇਤ ਰਿਹਾ ਸੀ ਅਤੇ ਅਕਾਲੀ ਦਲ ਮਗਰੋਂ ਸਰਕਾਰ ਨੇ ਉਸਨੂੰ ਕਮਿਸ਼ਨ ਦਾ ਮੈਂਬਰ ਲਗਾ ਦਿੱਤਾ ਸੀ। ਉਸਦੇ ਅਨੁਸਾਰ ਬਾਬੂ ਸਿੰਘ ਨੇ ਸਾਜਿਸ਼ ਤਹਿਤ ਝੂਠਾ ਫਸਾਇਆ ਗਿਆ ਹੈ। ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਉਸਦਾ ਪਤੀ ਕਦੇ ਮਾੜਾ ਰੁਪਇਆ ਲੈ ਕੇ ਘਰ ਨਹੀਂ ਆਇਆ। ਸਾਡਾ ਘਰ ਤਾਂ ਕਮਿਸ਼ਨ ਦੀ ਤਨਖ਼ਾਹ ਨਾਲ ਚੱਲਦਾ ਹੈ। ਤੁਸੀਂ ਖੁਦ ਸਾਡੇ ਘਰ ਦੀ ਹਾਲਤ ਵੇਖ ਲਵੋ ਅਤੇ ਕੀ ਰੁਪਏ ਖਾਣ ਵਾਲਿਆਂ ਦਾ ਘਰ ਅਜਿਹਾ ਹੁੰਦਾ ਹੈ। ਸਾਰੀ ਕਾਰਵਾਈ ਝੂਠੀ ਹੈ। 

                                       ਬਾਬੂ ਦੀ ਕਾਰਗੁਜਾਰੀ ਬਾਰੇ ਪੜਤਾਲ ਕਰਾਂਗੇ : ਰਾਜੇਸ਼ ਬਾਘਾ 
ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੇਨ ਰਾਜੇਸ਼ ਬਾਘਾ ਦਾ ਕਹਿਣਾ ਸੀ ਕਿ ਪੂਰੇ ਮਾਮਲੇ ਦੀ ਕਮਿਸ਼ਨ ਪੱਧਰ ’ਤੇ ਵੀ ਪੜਤਾਲ ਕੀਤੀ ਜਾਵੇਗੀ ਕਿ ਬਾਬੂ ਸਿੰਘ ਵੱਲੋਂ ਇਹ ਗੜਬਤ ਕਿਵੇਂ ਕੀਤੀ। ਕਿਉੁਂਕਿ ਹਰੇਕ ਸ਼ਿਕਾਇਤ ’ਤੇ  ਤਿੰਨ ਮੈਂਬਰੀ ਟੀਮ ਪੜਤਾਲ ਕਰਦੀ ਹੈ। ਉਨ੍ਹਾਂ ਕਿਹਾ ਕਿ ਰ ਕੋਈ ਗਲਤ ਕਰਦਾ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਝੂਠੇ ਇਲਜਾਮ ਲਗਾ ਕੇ ਫਸਾਉਣਾ ਗਲਤ ਹੈ। ਕਮਿਸ਼ਨ ਦੇ ਮੈਂਬਰ ਵੱਲੋਂ ਸਿਆਸਤ ’ਚ ਹਿੱਸਾ ਲੈਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਘਾ ਨੇ ਕਿਹਾ ਕਿ ਇਹ ਸੰਵੈਧਾਨਿਕ ਅਹੁਦਾ ਹੈ ਜਿਸ ਦੀਆਂ ਮਰਿਆਦਾਂ ਹਨ। 

                                                  ਤਿੰਨ ਕਿਲੋ ਭੁੱਕੀ ਸਣੇ ਫੜਿਆ ਛੋਟਾ ਭਰਾ 
ਬਾਬੂ ਸਿੰਘ ਪੰਜਾਵਾ ਦੇ ਪਰਿਵਾਰ ’ਤੇ ਗ੍ਰਹਿ-ਚੱਕਰ ਚੱਲ ਰਿਹਾ ਹੈ। ਇੱਕ ਹਫ਼ਤੇ ਵਿੱਚ ਕਰੀਬ 8 ਏਕੜ ਜ਼ਮੀਨ ਵਾਲੇ ਉਸਦੇ ਪਰਿਵਾਰ ਦੀ ਪੜ੍ਹਤ ਸਮਾਜ ਵਿੱਚ ਖਿੰਡ-ਪੁੰਡ ਗਈ। ਅਜੇ ਬੀਤੇ ਹਫ਼ਤੇ ਕਬਰਵਾਲਾ ਪੁਲੀਸ ਨੇ ਉਸਦੇ ਛੋਟੇ ਭਰਾ ਗੁਰਜੰਟ ਸਿੰਘ ਉਰਫ਼ ਜੰਟਾ ਨੂੰ ਤਿੰਨ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬੀਤੀ ਰਾਤ ਬਾਬੂ ਸਿੰਘ ਦਾ ਸੰਵੈਧਾਨਿਕ ਚੜ੍ਹਤ ਕੱਖਾਂ ’ਚ ਰੁੱਲ ਗਈ। 

                                                                   ਖ਼ਤਰੇ ’ਚ ਬਾਬੂ ਦੀ ਮੈਂਬਰੀ
ਵੱਢੀ ਲੈਣ ਦੇ ਦੋਸ਼ਾਂ ’ਚ ਕਾਨੂੰਨੀ ਸ਼ਿਕੰਜੇ ’ਚ ਫਸੇ ਬਾਬੂ ਸਿੰਘ ਪੰਜਾਵਾ ਦੀ ਮੈਂਬਰੀ ਵੀ ਖ਼ਤਰੇ ਵਿੱਚ ਪੈ ਗਈ। ਹਾਲਾਂਕਿ ਐਸ.ਸੀ. ਕਮਿਸ਼ਨ ਦੇ ਮੈਂਬਰ ਨੂੰ ਹਟਾਉਣ ਦੀ ਤਾਕਤ ਰਾਜਪਾਲ ਕੋਲ ਹੁੰਦੀ ਹੈ ਪਰ ਉਸ ਸਬੰਧੀ ਕਾਰਵਾਈ ਸਰਕਾਰ ਪੱਧਰ ’ਤੇ ਉਲੀਕੀ ਜਾਂਦੀ ਹੈ।  98148-26100 / 93178-26100


No comments:

Post a Comment