01 October 2017

ਲੋਕਾਂ ਨੂੰ ਫਾਕੇ ਦੀਆਂ ਮੱਤਾਂ, ਖੁਦ ਖਾ ਗਏ 17 ਲੱਖ ਦੀ ਮੁਫ਼ਤ ਬਿਜਲੀ

- ਵਿੱਤ ਮੰਤਰੀ ਦੇ ਨਾਂਅ ਪਿੰਡ ਬਾਦਲ ’ਚ 17.5 ਬੀ.ਐਚ.ਪੀ ਦੇ 2 ਟਿਊਬਵੈੱਲ ਕੁਨੈਕਸ਼ਨ 
- ਦਸ ਸਾਲਾਂ ’ਚ ਮਨਪ੍ਰੀਤ ਬਾਦਲ ਦੇ ਖੇਤਾਂ ’ਚ 3,76,790 ਯੂਨਿਟ ਖਪੇ 

                                                  ਇਕਬਾਲ ਸਿੰਘ ਸ਼ਾਂਤ
     ਲੰਬੀ: ਦਮੜਿਆਂ ਵਾਲੀ ਗੱਡੀ ਲੀਹ ’ਤੇ ਚਾੜ੍ਹਨ ਲਈ ਕਿਸਾਨਾਂ ਨੂੰ ਇੱਕ ਡੰਗ ਰੋਟੀ ਛੱਡਣ ਦੀਆਂ ਮੱਤਾਂ ਦੇਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 1,71,816 ਰੁਪਏ ਦੀ ਬਿਜਲੀ ਸਲਾਨਾ ਮੁਫ਼ਤ ਖਾ ਰਹੇ ਹਨ। ਮਨਪ੍ਰੀਤ ਸਿੰਘ ਬਾਦਲ ਪੰਜਾਬ
ਦੇ ਅਮੀਰ-ਤਰੀਨ ਕਿਸਾਨਾਂ ਦੀ ਗਿਣਤੀ ਵਿੱਚ ਆਉਂਦੇ ਹਨ। ਪਿੰਡ ਬਾਦਲ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ 17.5 ਬੀ.ਐਚ.ਪੀ (ਹਾਰਸ ਪਾਵਰ) ਦੇ ਦੋ ਟਿਊਬਵੈੈਲ ਕੁਨੈਕਸ਼ਨ ਹਨ। ਜਿਨ੍ਹਾਂ ਦੇ ਟਿਊਬਵੈੱਲ ਕੁਨੈਕਸ਼ਨ ਨੰਬਰ ਏ.ਪੀ-01/0011 (10 ਬੀ.ਐਚ.ਪੀ) ਅਤੇ ਏ.ਪੀ-01/0036 (7.5 ਬੀ.ਐਚ.ਪੀ) ਹਨ। ਲਗਪਗ ਦਹਾਕੇ ਤੋਂ ਚਾਲੂ ਦੋਵੇਂ ਕੁਨੈਕਸ਼ਨ ਖੁਦ ਮਨਪ੍ਰੀਤ ਸਿੰਘ ਬਾਦਲ ਦੇ ਨਾਂਅ ’ਤੇ ਚੱਲ ਰਹੇ ਹਨ। ਮਾਲ ਵਿਭਾਗ ਦੇ ਪਟਵਾਰੀ ਅਨੁਸਾਰ ਮਨਪ੍ਰੀਤ ਸਿੰਘ ਕੋਲ ਪਿੰਡ ਬਾਦਲ ’ਚ 26-27 ਏਕੜ ਖੇਤੀ ਰਕਬਾ ਹੈ। ਪਿਛਲੇ ਕਰੀਬ ਦਸ ਸਾਲਾਂ ਵਿੱਚ ਦੋਵੇਂ ਕੁਨੈਕਸ਼ਨਾਂ ’ਤੇ 17,18,160 ਲੱਖ ਰੁਪਏ ਦੀ 3,76,790 ਯੂਨਿਟ ਬਿਜਲੀ ਦੀ ਖਪਤ ਹੋ ਚੁੱਕੀ ਹੈ। ਪਾਵਰਕੌਮ ਦਾ ਟਿਉਬਵੈੱਲਾਂ ਲਈ ਬਿਜਲੀ ਦਰ ਪ੍ਰਤੀ ਯੂਨਿਟ 4.56 ਰੁਪਏ ਹੈ।
ਜੱਗਜਾਹਰ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਰਥਿਕ ਸੁਧਾਰਾਂ ਦੇ ਮੁਦਈ ਅਖਵਾਉਂਦੇ ਹਨ। ਉੁਨ੍ਹਾਂ ਕੈਪਟਨ ਸਰਕਾਰ ਵਿੱਚ ਵਿੱਤ ਮੰਤਰੀ ਬਣਨ ਮਗਰੋਂ ਆਪਣੀ ਆਰਥਿਕ ਸੰਪੰਨਤਾ ਕਾਰਨ ਸਰਕਾਰੀ ਗੱਡੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਲਗਪਗ ਦਸ ਵਰ੍ਹੇ ਪਹਿਲਾਂ ਹੀ ਫਿਜੂਲ ਖਰਚੇ ਅਤੇ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਮੁੱਦੇ ’ਤੇ ਉੁਨ੍ਹਾਂ ਦੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਾਲ ਪੰਗਾ ਪੈ ਗਿਆ। ਪਾਵਰਕੌਮ ਵੱਲੋਂ ਇਹ ਕੁਨੈਕਸ਼ਨ ਵੀ ਦਹਾਕਾ ਪੁਰਾਣੇ ਦੱਸੇ ਜਾਂਦੇ ਹਨ। ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਤਾਂ ਸੂਬਾਈ ਚੋਣਾਂ ਤੋਂ ਪਹਿਲਾਂ ਸਰਕਾਰ ਦੀ ਮੰਦਹਾਲੀ ’ਚ ਸੁਧਾਰਨ ਲਈ ਸਰਕਾਰੀ ਹੈਲੀਕਾਪਟਰ ਵੇਚਣ ਸਮੇਤ ਕਈ ਨਿਵੇਕਲੇ ਐਲਾਨ ਵੀ ਕੀਤੇ ਸਨ। 
ਬੀਤੇ ਬੱਜਟ ਸੈਸ਼ਨ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਰਾਂ ਨੇ 20 ਜੂਨ ਨੂੰ ਵਿਧਾਨਸਭਾ ਸੈਸ਼ਨ ਵਿੱਚ ਵੱਡੇ ਕਿਸਾਨਾਂ ਨੂੰ ਸਵੈ-ਇੱਛੁਕ ਤੌਰ ’ਤੇ ਮੁਫ਼ਤ ਬਿਜਲੀ ਸਹੂਲਤ ਛੱਡਣ ਲਈ ਅਪੀਲ ਕੀਤੀ ਸੀ। ਜਿਸ ’ਤੇ ਵਿੱਤ ਮੰਤਰੀ ਸਮੂਹ ਕਾਂਗਰਸ ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਬਕਾਇਤੀ ਸਹਿਮਤੀ ਪ੍ਰਗਟਾਈ ਸੀ। ਪਿਛਲੇ 10-11 ਸਾਲਾਂ ’ਚ ਮਨਪ੍ਰੀਤ ਬਤੌਰ ਸਿਆਸੀ ਆਗੂ ਪੰਜਾਬ ਦੇ ਮਾੜੀ ਆਰਥਿਕ ਹਾਲਤ ਲਈ ਸਭ ਤੋਂ ਫ਼ਿਕਰਮੰਦ ਅਤੇ ਅੰਦਰੂਨੀ ਤੜਫ਼ ਵਾਲੇ ਆਗੂ ਵਜੋਂ ਉੱਭਰੇ ਸਨ। ਅਜਿਹੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਕਥਨੀ ਅਤੇ ਕਰਨੀ ਦਾ ਇਹ ਅੰਤਰ ਆਮ ਜਨਤਾ ਦੇ ਮਨਾਂ ਵਿੱਚ ਸੁਆਲਾਂ ਦਾ ਘੇਰਾ ਵਧਾ ਰਿਹਾ ਹੈ। 
            ਪੰਜਾਬ ’ਤੇ ਦਸ ਸਾਲ ਤੱਕ ਰਾਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਵਰਗੀ ਬੀਬੀ ਸੁਰਿੰਦਰ ਕੌਰ ਦੇ ਨਾਂਅ ਵੀ ਪਿੰਡ ਬਾਦਲ ਵਿੱਚ 5 ਬੀ.ਐਚ.ਪੀ ਦੇ ਤਿੰਨ ਕੁਨੈਕਸ਼ਨ, ਜੋ ਕਿ ਕਾਫ਼ੀ ਪੁਰਾਣੇ ਦੱਸੇ ਜਾਂਦੇ ਹਨ। ਜਿਨ੍ਹਾਂ ’ਤੇ ਇੱਕ ਅਨੁਮਾਨ ਮੁਤਾਬਕ ਦਸ ਸਾਲਾਂ ਦੌਰਾਨ ਪ੍ਰਤੀ ਕੁਨੈਕਸ਼ਨ 4,90,838 ਰੁਪਏ ਦੀ 107640 ਯੂਨਿਟ ਬਿਜਲੀ ਖਪਤ ਆਈ ਹੈ। ਪਾਵਰਕੌਮ ਦੇ ਸੂਤਰਾਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੇ ਕੁਨੈਕਸ਼ਨ ਨੰਬਰ ਏ.ਪੀ-01/0097 ਆਪਣੀ ਪੋਤਰੀ ਦੇ ਨਾਂਅ ਤਬਦੀਲ ਕਰਵਾ ਦਿੱਤਾ ਹੈ। ਪਾਵਰਕੌਮ ਦੇ ਖਾਤਿਆਂ ਅਨੁਸਾਰ ਟਿਊਬਵੈਲਾਂ ਲਈ ਮੁਫ਼ਤ ਬਿਜਲੀ ਲੈਣ ਵਾਲਿਆਂ ਵਿੱਚ ਬਾਦਲ ਖਾਨਦਾਨ ਦੇ ਸਾਬਕਾ ਮੰਤਰੀ ਹਰਦੀਪ ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ ਬਾਦਲ, ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਸਰਪੰਚ ਸੰਜਮ ਸਿੰਘ, ਫਤਿਹ ਸਿੰਘ ਬਾਦਲ ਅਤੇ ਅਮਰਬੀਰ ਸਿੰਘ ਬਾਦਲ ਸਮੇਤ ਲਗਪਗ ਦਰਜਨ ਭਰ ਹੋਰ ਮਰਦ-ਅੌਰਤ ਮੈਂਬਰਾਂ ਦੇ ਨਾਂਅ ’ਤੇ ਸ਼ਾਮਲ ਹਨ। ਪਾਵਰਕੌਮ ਦੇ ਅਕਾਊਂਟ ਵਿੰਗ ਅਨੁਸਾਰ ਟਿਊਬਵੈਲਾਂ ਲਈ ਬਿਜਲੀ ਕੁਨਕੈਸ਼ਨਾਂ ਦੀ ਨਵੀਂ ਸੂਚੀ ਅਪਡੇਟ ਹੋਣ ’ਤੇ ਇਸ ਸਰਮਾਏਦਾਰ ਖਾਨਦਾਨ ਦੇ ਮੈਂਬਰਾਂ ਦੇ ਨਾਂਅ ਵਾਲੇ ਕੁਨੈਕਸ਼ਨਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ। 
ਸਰਕਾਰ ਖਰਚੇ ਘਟਾਉਣ ਦੇ ‘ਮੁਦਈ’ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਪੱਖ ਲੈਣ ਬਾਰੇ ਕੋਸ਼ਿਸ਼ ਕਰਨ ’ਤੇ ਉਨ੍ਹਾਂ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਸੀ। ਉਨ੍ਹਾਂ ਦੇ ਓ.ਐਸ.ਡੀ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਮੈਂ ਪਾਸਪੋਰਟ ਆਫਿਸ ਹਾਂ, ਤੁਸੀਂ 99152-0049 ’ਤੇ ਸੰਪਰਕ ਕਰ ਲਵੋ। ਇਸ ਨੰਬਰ ’ਤੇ ਦੋ-ਤਿੰਨ ਕੋਸ਼ਿਸ਼ਾਂ ਬਾਅਦ ਕਾਲ ਰਸੀਵ ਨਹੀਂ ਕੀਤੀ ਗਈ। ਪੰਜਾਬ ਵਿੱਚ ਕਿਸਾਨਾਂ ਨੂੰ ਟਿਊਬਵੈਲਾਂ ਦੀ ਮੁਫ਼ਤ ਬਿਜਲੀ ਦਾ ਲਾਹਾ ਵੱਡੇ ਕਿਸਾਨਾਂ ਵੱਲੋਂ ਲੈਣ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਹੈ। 98148-26100 / 93178-26100

No comments:

Post a Comment