17 March 2014

ਲੋਕ ਕੁਰਸੀ ਦੇ ਪਿੱਛੇ-ਪਿੱਛੇ, ਬਾਦਲਾ ਤੇਰੇ ਮੂਹਰੇ-ਮੂਹਰੇ ਫਿਰਨ 'ਕੁਰਸੀਆਂ'


ਇਕਬਾਲ ਸਿੰਘ ਸ਼ਾਂਤ

        ਲੰਬੀ : ਸਾਰੀ ਦੁਨੀਆਂ 'ਕੁਰਸੀ' ਦੇ ਪਿੱਛੇ-ਪਿੱਛੇ ਤੁਰੀ ਫਿਰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਦੇ ਮੂਹਰੇ-ਮੂਹਰੇ ਇੱਕ ਨਹੀਂ ਦੋ-ਦੋ ਕੁਰਸੀਆਂ ਤੁਰੀਆਂ ਫਿਰਦੀਆਂ ਹਨ। ਮੁੱਖ ਮੰਤਰੀ ਬਾਦਲ ਮਾਲਵੇ ਦੇ ਜ਼ਿਲ੍ਹਿਆਂ 'ਚ ਜਿੱਥੇ ਵੀ ਜਾਂਦੇ ਹਨ ਉਥੇ ਹੀ ਕੁਰਸੀਆਂ ਵਾਰੀ ਸਿਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਪੁੱਜ ਜਾਂਦੀਆਂ ਹਨ। ਮੀਂਹ, ਹਨ੍ਹੇਰੀ ਜਾਂ ਝੱਖੜ ਤਾਂ ਕੀ ਚੋਣ ਜ਼ਾਬਤੇ ਦਾ ਵੀ ਇਨ੍ਹਾਂ ਦੀ ਡਿਊਟੀ 'ਤੇ ਕੋਈ ਅਸਰ ਨਹੀਂ। 
           ਇਹ ਕੋਈ ਆਮ ਕੁਰਸੀਆਂ ਨਹੀਂ ਬਲਕਿ ਸੂਬੇ ਦੇ ਪ੍ਰਸ਼ਾਸਨਕ ਤੰਤਰ 'ਚ ਆਪਣੇ ਵੱਡੇ ਸਾਈਜ਼ ਅਤੇ ਬਣਤਰ ਕਰਕੇ ਮਸ਼ਹੂਰ ਹਨ। ਜਿਸਦਾ ਡਿਜ਼ਾਈਨ ਮੁੱਖ ਮੰਤਰੀ ਦਾ ਪਸੰਦੀਦਾ ਤੇ ਬੈਠਣ 'ਚ ਅਰਾਮਦੇਹ ਹੋਣ ਕਰਕੇ ਹੋਰਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ 'ਚ ਇਨ੍ਹਾਂ ਕੁਰਸੀਆਂ ਪ੍ਰਤੀ ਖਾਸੀ ਖਿੱਚ ਹੈ। ਸਰਕਾਰੀ ਸਫ਼ਾਂ 'ਚ ਵਿਸ਼ੇਸ਼ 'ਰੁਤਬਾ' ਰੱਖਦੀਆਂ ਕੁਰਸੀਆਂ ਨੂੰ ਸੰਗਤ ਦਰਸ਼ਨ ਜਾਂ ਹੋਰਨਾਂ ਸਮਾਗਮਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੈਠਣ ਲਈ ਵਰਤਿਆ ਜਾਂਦਾ ਹੈ। ਇਹ ਕੁਰਸੀਆਂ ਲੰਬੀ ਥਾਣੇ ਦੇ ਤਤਕਾਲੀਨ ਥਾਣੇਦਾਰ 'ਚਮੇਲੀ' ਦੇ ਵੇਲੇ ਬਣਵਾਈਆਂ ਗਈਆਂ ਸਨ ਜਿਹੜਿਆਂ ਕਿ ਚਮੇਲੀ ਦੀ 'ਟੌਹਰ' ਵਾਂਗ ਸੂਬੇ ਦੇ ਸਰਕਾਰੀ ਸਫ਼ਾ 'ਚ ਮਸ਼ਹੂਰ ਹੋ ਗਈਆਂ। ਦੋਵੇਂ ਕੁਰਸੀਆਂ ਨੂੰ ਬੜੇ ਅਦਬ-ਅਦਾਬ ਨਾਲ ਲਿਆਉਣ-ਲਿਜਾਣ ਲਈ ਬਕਾਇਦਾ ਪੁਲੀਸ ਅਮਲਾ ਤਾਇਨਾਤ ਹੁੰਦਾ ਹੈ। ਆਮ ਦਿਨਾਂ ਵਿਚ ਲੰਬੀ ਥਾਣੇ ਦੀ ਸ਼ਾਨ ਵਧਾਉਂਦੀਆਂ ਇਨ੍ਹਾਂ ਕੁਰਸੀਆਂ ਹੁਣ ਪਿਛਲੇ ਚਾਰ ਦਿਨਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਲੰਬੀ ਹਲਕੇ ਦੇ 44 ਪਿੰਡਾਂ ਦੇ ਚੋਣ ਪ੍ਰਚਾਰ ਦੌਰਾਨ ਬਕਾਇਦਾ ਮੁੱਖ ਮੰਤਰੀ ਬਾਦਲ ਦੇ ਅੱਗੇ-ਅੱਗੇ ਫਿਰਦੀਆਂ ਰਹੀਆਂ ਹਨ। ਹੁਣ ਲੋਕਸਭਾ ਚੋਣਾਂ ਦੇ ਆਦਜਸ਼ ਚੋਣ ਜ਼ਾਬਤੇ ਕਰਕੇ ਫਰਕ ਸਿਰਫ਼ ਐਨਾ ਕੁ ਆਇਆ ਇਨ੍ਹਾਂ ਨੂੰ ਲਿਆਉਣ-ਲਿਜਾਣ ਵਾਲੇ ਕਰਮਚਾਰੀਆਂ ਦੀ ਵਰਦੀ 'ਖਾਕੀ' ਤੋਂ 'ਸਾਦਾ' ਹੋ ਗਈ ਅਤੇ ਵਹੀਕਲ ਸਰਕਾਰੀ ਦੀ ਜਗ੍ਹਾ ਪੁਲੀਸ ਵੱਲੋਂ ਵਗਾਰ 'ਤੇ ਲਿਆਂਦਾ ਇੱਕ ਨਿੱਜੀ ਛੋਟਾ ਹਾਥੀ ਬਣ ਗਿਆ ਹੈ। 
           ਬੀਤੀ 13 ਫਰਵਰੀ ਨੂੰ ਪਿੰਡ ਲਾਲਬਾਈ ਵਿਖੇ ਇੱਕ ਸਮਾਗਮ ਦੌਰਾਨ ਖਾਲੀ ਪਈ ਮੁੱਖ ਮੰਤਰੀ ਬਾਦਲ ਵਾਲੀ 'ਕੁਰਸੀ' ਦਾ ਇੱਕ ਆਮ ਬਜ਼ੁਰਗ ਖੂਬ 'ਲੁਤਫ਼' ਮਾਣ ਗਿਆ ਸੀ। ਉਸਨੇ ਸਿਰਫ਼ ਬੈਠਣ ਦਾ ਸੁਖ ਹੀ ਨਹੀਂ ਮਾਣਿਆ ਬਲਕਿ ਉਸ 'ਤੇ ਕੌਫ਼ੀ ਦੀਆਂ ਚੁਸਕੀਆਂ ਵੀ ਲਈਆਂ। 

 98148-26100