19 September 2011

ਜਦੋਂ ਪਿੰਡ ਬਾਦਲ 'ਚ ਘੋਨੇ-ਮੋਨੇ ਸਿਰਾਂ 'ਤੇ ਪੀਲੇ ਪਰਨੇ ਬੰਨ੍ਹ ਕੇ ਸਿੱਖ ਸੱਜਦੇ ਰਹੇ...

                     ਬਾਦਲ ਪਿੰਡ 'ਚ ਛਿੱਕੇ 'ਤੇ ਟੰਗੇ ਰਹੇ ਚੋਣ ਨਿਯਮ
                                    - ਲੰਬੀ ਖੇਤਰ ਦੇ ਪਿੰਡਾਂ ਵਿਚ ਬੂਥਾਂ 'ਤੇ ਕਬਜ਼ੇ-

                                            -ਇਕਬਾਲ ਸਿੰਘ ਸ਼ਾਂਤ-
ਬਾਦਲ : 18 ਸਤੰਬਰ ਨੂੰ ਸ਼੍ਰੋਮਣੀ ਕਮੇਟੀਆਂ ਚੋਣਾਂ ਵਿਚ ਸਹਿਜਧਾਰੀਆਂ ਨੂੰ ਵੋਟਾਂ ਦੇ ਹੱਕ ਦੀ ਤਿੱਖੀ ਵਿਰੋਧਤਾ ਕਰਨ ਵਾਲੇ ਸੂਬੇ ਦੇ ਮੌਜੂਦਾ ਹਾਕਮ ਬਾਦਲਾਂ ਪਿਉ-ਪੁੱਤ ਦੇ ਜੱਦੀ ਪਿੰਡ ਬਾਦਲ ਵਿਚ ਵਿਚ ਘੋਨੇ-ਮੋਨੇ ਲੋਕਾਂ ਨੇ ਰੱਜ ਕੇ ਵੋਟਾਂ ਪਾਈਆਂ। ਇਸ ਬਾਰੇ ਪੱਤਰਕਾਰਾਂ ਦੇ ਸਨਮੁੱਖ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਆਪਣੇ ਰਵਾਇਤੀ ਲਹਿਜੇ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਬਾਰੇ ਕਹਿ ਕੇ ਖਹਿੜਾ ਛੁਡਵਾ ਗਏ, ਜਦੋਂਕਿ ਦੂਜੇ ਪਾਸੇ ਉਪ ਮੁੱਖ ਸ: ਸੁਖਬੀਰ ਸਿੰਘ ਬਾਦਲ ਵੀ ਘੋਨੇ-ਮੋਨਿਆਂ ਦੇ ਵੋਟਾਂ ਨਾ ਪਾਉਣ ਦੇ ਨਿਯਮ ਦੀ ਸਮੁੱਚੀ ਜੁੰਮੇਵਾਰੀ ਚੋਣ ਅਮਲੇ 'ਤੇ ਸੁੱਟਦਿਆਂ ਆਪਣੇ ਸਮਰਥਕਾਂ ਦੀ ਕਾਰਗੁਜਾਰੀ 'ਤੇ ਬੜੀ ਕਾਮਯਾਬੀ ਨਾਲ ਪਰਦਾ ਪਾ ਗਏ। 


     ਇਸਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਿੱਦੜਬਾਹਾ ਹਲਕੇ ਦੇ ਤਹਿਤ ਪੈਂਦੇ ਲੰਬੀ ਖੇਤਰ ਦੇ ਹੋਰਨਾਂ ਪਿੰਡਾਂ ਵਿਚ ਵੀ ਸਹਿਜਧਾਰੀ ਸਿੱਖਾਂ ਅਤੇ ਗੈਰ ਸਿੱਖ ਲੋਕਾਂ ਨੇ ਵੋਟਾਂ ਪਾਈਆਂ, ਉਥੇ ਲੰਬੀ ਖੇਤਰ ਦੇ ਹੋਰਨਾਂ ਪਿੰਡਾਂ ਭੀਟੀਵਾਲਾ, ਚਨੂੰ, ਲਾਲਬਾਈ, ਪੰਜਾਵਾ, ਮਹਿਣਾ, ਮਿਠੜੀ ਬੁਧਗਿਰ ਅਤੇ ਗੱਗੜ ਮਹਿਣਾ ਸਮੇਤ ਹੋਰਨਾਂ ਪਿੰਡਾਂ ਵਿਚ ਵੀ ਵੱਡੇ ਪੱਧਰ 'ਤੇ ਅਕਾਲੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਕਥਿਤ ਧੱਕੇਸ਼ਾਹੀ ਅਤੇ ਖਾਕੀ ਦੇ ਬਲਬੂਤੇ 'ਤੇ ਡਰ ਤੇ ਖੌਫ਼ ਨੀਤੀ ਤਹਿਤ ਵਿਰੋਧੀ ਉਮੀਦਵਾਰਾਂ ਦੇ ਏਜੰਟਾਂ ਨੂੰ ਬੂਥਾਂ ਤੋਂ ਡਰਾ ਧਮਕਾ ਕੇ ਭਜਾਉਣ ਦੀਆਂ ਰਿਪੋਰਟਾਂ ਹਨ, ਉਥੇ ਲੰਬੀ ਖੇਤਰ ਦੇ ਬਹੁਤੇ ਪਿੰਡਾਂ ਵਿਚ ਵਿਰੋਧੀ ਉਮੀਦਵਾਰਾਂ ਦੇ ਟੈਂਟ ਵੀ ਨਹੀਂ ਲੱਗੇ, ਜਦੋਂਕਿ ਪਿੰਡ ਮਹਿਣਾ ਵਿਚ ਅਕਾਲੀ ਦਲ ਵਰਕਰਾਂ ਵੱਲੋਂ ਆਪਸੀ ਧੜੇਬੰਦੀ ਕਰਕੇ ਅਕਾਲੀ ਉਮੀਦਵਾਰਾਂ ਦੀ ਹਮਾਇਤ ਵਿਚ ਆਹਮੋ-ਸਾਹਮਣੇ ਦੋ ਵੱਖੋ-ਵੱਖਰੇ ਟੈਂਟ ਲਾ ਕੇ ਆਪੋ-ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਖੇਤਰ ਭਰ ਵਿਚ ਸਵੇਰੇ ਸਮੇਂ ਵੋਟਾਂ ਪਾਉਣ ਦੀ ਚਾਲ ਮੱਠੀ ਰਹੀ ਤੇ 11 ਵਜੇ ਦੇ ਬਾਅਦ ਬੂਥ 'ਤੇ ਵੋਟਰਾਂ ਦੀ ਲਾਈਨਾਂ ਲੰਮੀਆਂ ਹੋਣ ਲੱਗੀਆਂ।
                 ਮੁੱਖ ਮੰਤਰੀ ਦੇ ਪਿੰਡ ਬਾਦਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਥ ਨੰਬਰ 42 ਅਤੇ 43 ਵਿਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਸੱਤਾ ਪੱਖ ਦੇ ਸਮਰਥਕਾਂ ਵੱਲੋਂ ਵੱਡੇ ਪੱਧਰ 'ਤੇ ਪਿੰਡ ਵਿਚ ਬਣੇ ਗੈਰ ਸਿੱਖ ਅਤੇ ਸਹਿਜਧਾਰੀ ਸਿੱਖਾਂ ਦੇ ਵੋਟਾਂ ਨੂੰ ਭੁਗਤਾਉਣ ਦੀ ਕਾਰਗੁਜਾਰੀ ਸ਼ੁਰੂ ਹੋ ਗਈ। ਜਿਸਦੇ ਤਹਿਤ ਇਨ੍ਹਾਂ ਪੰਥਕ ਵੋਟਾਂ ਵਿਚ ਹਾਈਕੋਰਟ ਅਤੇ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਬੂਥਾਂ ਦੇ ਬਾਹਰ ਸਹਿਜਧਾਰੀ ਸਿੱਖ ਅਤੇ ਮੋਨੇ ਵਿਅਕਤੀ ਵੱਡੀ ਤਾਦਾਦ ਵਿਚ ਸਿਰਾਂ 'ਤੇ ਨਵੇਂ-ਨਕੋਰ ਪੀਲੇ ਪਰਨੇ ਬੰਨ੍ਹ ਕੇ ਕਤਾਰਾਂ ਵਿਚ ਲੱਗੇ ਹੋਏ ਸਨ। ਜਿਨ੍ਹਾਂ ਨੂੰ ਖੇਤਰ ਦੇ ਇੱਕ ਸਰਕਾਰੀ ਨਰਸਿੰਗ ਅਦਾਰੇ ਵਿਚ ਤਾਇਨਾਤ ਇੱਕ ਡਾਕਟਰ ਅਤੇ ਉਥੋਂ ਦੇ ਕੁਝ ਸਹਿਜਧਾਰੀ ਕਰਮਚਾਰੀ ਸੱਤਾ ਪੱਖ ਦੇ ਆਗੂਆਂ ਵਜੋਂ ਵਿਚਰਦੇ ਹੋਏ ਸਕੂਲ ਦੇ ਇੱਕ ਹਿੱਸੇ ਵਿਚੋਂ ਮੋਨੇ ਲੋਕਾਂ ਦੇ ਸਿਰਾਂ 'ਤੇ ਨਵੇਂ-ਨਵੇਂ ਪੀਲੇ ਪਰਨੇ ਬੰਨਵਾ ਕੇ ਵੋਟ ਪੁਆਉਣ ਲਈ ਪੂਰੀ ਤਰ੍ਹਾਂ ਸਰਗਰਮ ਰਹੇ। ਜਦੋਂਕਿ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਹਿਜਧਾਰੀ ਵੋਟਰਾਂ 'ਤੇ ਵੋਟ ਪਾਉਣ 'ਤੇ ਪਾਬੰਦੀ ਦੇ ਬਾਵਜੂਦ ਬੂਥਾਂ ਵਿਚ ਲੱਗੀਆਂ ਕਤਾਰਾਂ ਬਾਰੇ ਬੂਥਾਂ 'ਤੇ ਤਾਇਨਾਤ ਅਮਲੇ ਨੂੰ ਮੋਨੇ ਵਿਅਕਤੀਆਂ ਦੇ ਵੋਟ ਪਾਉਣ 'ਤੇ ਉਨ੍ਹਾਂ ਦਾ ਰਵੱਈਆ ਵੀ ਪੂਰੀ ਤਰ੍ਹਾਂ ਸੱਤਾ ਪੱਖ ਵੱਲ ਝੁਕਦਾ ਨਜ਼ਰ ਆਇਆ, ''ਜਦੋਂ ਉਨ੍ਹਾਂ ਕਿਹਾ ਕਿ ਵੋਟਰ ਲਿਸਟ ਵਿਚ ਨਾਮ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਵੋਟ ਪਾਉਣੋਂ ਤਾਂ ਨਹੀਂ ਰੋਕ ਸਕਦੇ। ਇਸ ਦੌਰਾਨ ਬੂਥ ਵਿਚ ਚੋਣ ਅਮਲੇ ਦੇ ਕਈ ਭੂਤਰੇ ਕਰਮਚਾਰੀ ਪੱਤਰਕਾਰਾਂ ਨੂੰ ਟੇਢੀਆਂ ਅੱਖਾਂ ਨਾਲ ਘੂਰਦੇ ਵੀ ਵੇਖੇ ਗਏ।
                 ਇਸੇ ਦੌਰਾਨ ਬੂਥ ਦੇ ਬਾਹਰ ਸਿਰ 'ਤੇ ਪੀਲਾ ਪਰਨਾ ਬੰਨ੍ਹਣ 'ਚ ਜੁਟੇ ਜੈਲਾ ਸਿੰਘ ਨਾਂ ਦੇ ਇੱਕ ਬਜ਼ੁਰਗ ਨੂੰ ਪੁੱਛਣ 'ਤੇ ਬਾਬਾ ਜੀ, ਤੁਸੀਂ ਅਵਤਾਰ ਸਿੰਘ ਮੱਕੜ ਨੂੰ ਪ੍ਰਧਾਨ ਬਣਾਉਣ ਲਈ ਵੋਟਾਂ ਪਾਉਣ ਆਏ ਹੋ ਜਾਂ ਬਾਦਲ ਸਾਬ੍ਹ ਨੂੰ। ਜਿਸ 'ਤੇ ਬਾਬੇ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਮੱਕੜ ਨੂੰ ਨਹੀਂ ਜਾਣਦਾ, ਮੈਂ ਤਾਂ ਬਾਦਲ ਸਾਬ੍ਹ ਨੂੰ ਵੋਟਾਂ ਪਾਉਣ ਆਇਆ ਹਾਂ।
ਇਸੇ ਦੌਰਾਨ ਬੂਥ ਨੰਬਰ 42 ਵਿਚ ਕਿਸੇ ਸਰਕਾਰੀ ਅਦਾਰੇ ਵਿਚ ਤਾਇਨਾਤ ਰਾਜਵੰਤ ਸਿੰਘ ਨਾਂ ਦੇ ਇੱਕ ਮੋਨੇ ਵੋਟਰ ਨੇ ਬਿਨ੍ਹਾ ਕਿਸੇ ਪੀਲੇ ਪਰਨੇ ਦੇ ਖੁੱਲ੍ਹੇਆਮ ਵੋਟ ਪਾਈ। ਇਸ ਬਾਰੇ ਪੁੱਛਣ 'ਤੇ ਉਸਦਾ ਪੱਖ ਪੂਰਦਿਆਂ ਬੂਥ ਅਮਲੇ ਨੇ ਕਿਹਾ ਕਿ ਇਹਨੇ ਤਾਂ ਇਕੱਲੀ ਦਾੜੀ ਕਟਾਈ ਹੋਈ ਹੈ। ਜਦੋਂ ਕਿ ਉਹ ਸਿਰੋਂ ਵੀ ਸੌ ਫੀਸਦੀ ਮੋਨਾ ਸੀ।
                 ਇਸੇ ਦੌਰਾਨ ਪੱਤਰਕਾਰਾਂ ਅਤੇ ਸਿਰਾਂ 'ਤੇ ਪੀਲੇ ਪਰਨੇ ਬੰਨ੍ਹ ਕੇ ਵੋਟਾਂ ਪਾਉਣ ਵਾਲਿਆਂ ਵਿਚ ਕਾਫ਼ੀ ਦੇਰ ਤੱਕ ਲੁੱਕਣ ਮਿੱਚੀ ਦਾ ਖੇਡ ਵੀ ਚੱਲਦਾ ਰਿਹਾ। ਪੱਤਰਕਾਰਾਂ ਵੱਲੋਂ ਕਤਾਰਾਂ ਵਿਚ ਲੱਗੇ ਮੋਨੇ ਵਿਅਕਤੀਆਂ ਦੀਆਂ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕਰਨ 'ਤੇ ਸੱਤਾ ਪੱਖ ਦੇ ਸਮਰਥਕ ਉਨ੍ਹਾਂ ਨੂੰ ਉਥੋਂ ਥੋੜ੍ਹੀ ਦੇਰ ਬਾਅਦ ਆਉਣ ਬਾਰੇ ਕਹਿ ਕੇ ਖਿਸਕਾ ਦਿੰਦੇ ਸਨ। ਇਸ ਮੌਕੇ ਕਈ ਅਜਿਹੇ ਵੀ ਵਿਅਕਤੀ ਵੇਖੇ ਗਏ ਜਿਹੜੇ ਸਿਰਾਂ ਤੋਂ ਮੋਨੇ ਸਨ ਅਤੇ ਉਨ੍ਹਾਂ ਦੀਆਂ ਜੇਬਾਂ ਵਿਚੋਂ ਜਰਦਾ ਅਤੇ ਤੰਬਾਕੂ ਜਿਹੇ ਨਸ਼ੇ ਵੇਖੇ ਗਏ।
               ਇਸੇ ਤਰ੍ਹਾਂ ਪੌਨੇ ਇੱਕ ਵਜੇ ਦੇ ਇੱਕ ਵੱਡੇ ਘਰ ਦੇ ਅੱਧੀ ਦਰਜਨ ਦੇ ਕਰੀਬ ਮੋਨੇ ਲਾਂਗਰੀ ਵੀ ਨਵੇਂ ਨਕੋਰ ਪਰਨੇ ਸਿਰਾਂ 'ਤੇ ਬੰਨ੍ਹ ਕੇ ਬੂਥ ਨੰਬਰ 42 'ਤੇ ਪੁੱਜਣ 'ਤੇ ਪੱਤਰਕਾਰਾਂ ਵੱਲੋਂ ਫੋਟੋਆਂ ਖਿੱਚਣ 'ਤੇ ਬੂਥ ਵਿਚੋਂ ਇਸ਼ਾਰਾ ਮਿਲਣ 'ਤੇ ਬਿਨ੍ਹਾਂ ਵੋਟ ਪਾਏ ਦੌੜ ਗਏਤ।
               ਪਿੰਡ ਬਾਦਲ ਦੇ ਵਸਨੀਕ ਮੁੱਖਜੀਤ ਸਿੰਘ ਨੇ ਕਿਹਾ ਕਿ ਪੰਥਕ ਚੋਣਾਂ ਵਿਚ ਮੋਨੇ ਵਿਅਤਕੀਆਂ ਦੀ ਸ਼ਮੂਲੀਅਤ 'ਤੇ ਸੁਆਲ ਖੜ੍ਹਾ ਕਰਦਿਆਂ ਕਿਹਾ ਕਿ ਪਿੰਡ ਬਾਦਲ ਵਿਚੋ ਪੂਰਨ ਗੁਰ ਮਰਿਆਦਾ ਵਾਲੇ ਸਿੱਖਾਂ ਦੀ ਭਾਲ ਕਰਨ 'ਤੇ ਅੰਕੜਾ 50 ਤੋਂ ਹੇਠਾਂ ਰਹਿ ਸਕਦਾ ਹੈ, ਪਰ ਇੱਥੇ ਪਰਨੇ ਬੰਨ੍ਹ ਕੇ ਹਰੇਕ ਸਿੱਖ ਬਣਿਆ ਫਿਰਦਾ ਹੈ।
                 ਇਸੇ ਤਰ੍ਹਾਂ ਮਹਿੰਦਰ ਸਿੰਘ ਨਾਂ ਦੇ ਇੱਕ ਵੋਟਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਅਤੇ ਗੈਰ ਸਿੱਖਾਂ ਦੇ ਮਾਮਲੇ ਵਿਚ ਮੁੜ ਤੋਂ ਵਿਚਾਰ ਕਰਕੇ ਕਾਨੂੰਨ ਬਣਾਇਆ ਜਾਵੇ, ਤਾਂ ਜੋ ਪੰਥਕ ਹਿੱਤਾਂ ਦਾ ਘਾਣ ਨਾ ਹੋ ਸਕੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਰਦੀਪ ਸਿੰਘ ਦੇ ਪੁੱਤਰ ਮਨਿੰਦਰ ਸਿੰਘ ਨੇ ਦੋਸ਼ ਲਾਇਆ ਕਿ ਲੰਬੀ ਹਲਕੇ ਦੇ ਪਿੰਡਾਂ ਚਨੂੰ, ਲਾਲਬਾਈ, ਪੰਜਾਵਾ, ਮਹਿਣਾ, ਮਿਠੜੀ ਬੁਧਗਿਰ ਅਤੇ ਗੱਗੜ ਵਿਖੇ ਵੀ ਅਕਾਲੀ ਦਲ ਉਮੀਦਵਾਰ ਦੇ ਵੱਡੀ ਗਿਣਤੀ ਸਮਰਥਕਾਂ ਨੇ ਬੂਥਾਂ 'ਚ ਪਹੁੰਚ ਕੇ ਅਕਾਲੀ ਦਲ (ਅ) ਅਤੇ ਪੰਥਕ ਮੋਰਚੇ ਦੇ ਪੋਲਿੰਗ ਏਜੰਟਾਂ ਨੂੰ ਬੂਥਾਂ ਵਿਚੋਂ ਜ਼ਬਰਦਸਤੀ ਬਾਹਰ ਕੱਢ ਕੇ ਕਬਜ਼ਾ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਚਨੂੰ ਵਿਖੇ ਤਿੰਨ ਬੂਥ ਦੀਆਂ ਲਗਪਗ 22 ਸੌ ਵੋਟਾਂ ਵਿਚੋਂ ਇੱਕ ਹਜ਼ਾਰ ਵੋਟਾਂ ਪਈਆਂ ਸਨ। ਜਿਸਦੇ ਬਾਅਦ ਬੂਥ 'ਤੇ ਕਬਜ਼ਾ ਹੋ ਗਿਆ।
                 ਇਸੇ ਤਰ੍ਹਾਂ ਪਿੰਡ ਭੀਟੀਵਾਲਾ ਵਿਖੇ ਬੂਥ ਨੰਬਰ 11 ਅਤੇ 12 ਵਿਖੇ ਧੱਕੇਸ਼ਾਹੀ ਅਤੇ ਬੂਥ 'ਤੇ ਕਬਜ਼ਾ ਕਰਨ ਦੀਆਂ ਰਿਪੋਰਟਾਂ ਹਨ। ਪੰਥਕ ਮੋਰਚੇ ਦੇ ਉਮੀਦਵਾਰ ਮਹੈਣ ਸਿੰਘ ਪੋਲਿੰਗ ਏਜੰਟ ਜਗਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਵੇਰੇ ਲਗਪਗ ਸਾਢੇ 11 ਵਜੇ  ਕੁਝ ਅਕਾਲੀ ਆਗੂਆਂ ਨੇ ਬੂਥ ਨੰਬਰ 11 ਵਿਚ ਪਹੁੰਚੇ ਅਤੇ ਉਸਨੂੰ ਧੱਕੇ ਮਾਰ ਕੇ ਬੂਥ ਕੱਢ ਦਿੱਤਾ ਗਿਆ ਅਤੇ ਨਾਲ ਹੀ ਬੂਥ 11 'ਤੇ ਤਾਇਨਾਤ ਇੱਕ ਪੁਰਸ਼ ਅਤੇ ਤਿੰਨ ਔਰਤ ਮੁਲਾਜਮਾਂ ਨੂੰ ਵੀ ਕਥਿਤ ਤੌਰ 'ਤੇ ਬਾਹਰ ਭੇਜ ਕੇ ਕੁੰਡਾ ਜੜ੍ਹ ਲਿਆ। ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਉਸਦੇ ਬਾਅਦ ਬੂਥ ਨੰਬਰ 12 ਵਿਚ ਅਜਿਹੀ ਹੀ ਕਾਰਵਾਈ ਹੋਈ।
ਇਸੇ ਤਰ੍ਹਾਂ ਪਿੰਡ ਮਹਿਣਾ ਵਿਖੇ ਵੀ ਪੰਥਕ ਮੋਰਚਾ ਅਤੇ ਅਕਾਲੀ ਦਲ (ਅ) ਦੇ ਉਮੀਦਵਾਰ ਦੇ ਸਮਰਥਕਾਂ ਮਲਕੀਤ ਸਿੰਘ, ਨੈਬ ਸਿੰਘ, ਛਿੰਦਰਪਾਲ ਸਿੰਘ ਅਤੇ ਨੈਬ ਸਿੰਘ ਬੈਣੀਵਾਲ ਨੂੰ ਸੱਤਾ ਪੱਖ ਵੱਲੋਂ ਇੱਕ ਦਬਾਊ ਨੀਤੀ ਦੇ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਥਿਤ ਚੋਣ ਬੂਥਾਂ ਦੇ ਨੇੜੇ ਵੀ ਫੜਕਣ ਨਹੀਂ ਦਿੱਤਾ ਗਿਆ। ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਮਹਿਣਾ ਵਿਖੇ ਸੱਤਾ ਪੱਖ ਦੇ ਵਰਕਰਾਂ ਵੱਲੋਂ ਦਿਨ ਭਰ ਪਿੰਡ ਦੇ ਬੂਥਾਂ ਵਿਚ ਖੁੱਲ੍ਹੀਆਂ ਖੇਡਾਂ ਖੇਡਦਿਆਂ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ।
                ਦੂਜੇ ਪਾਸੇ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਇੰਦਰਮੋਹਣ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਗਿੱਦੜਬਾਹਾ ਹਲਕੇ ਦੇ ਲੰਬੀ ਖੇਤਰ ਵਿਚ ਚੋਣ ਪੂਰੀ ਤਰ੍ਹਾਂ ਸੁਖਾਂਵੇ ਮਾਹੌਲ ਵਿਚ ਹੋਈ ਹੈ ਤੇ ਕਿਸੇ ਵੀ ਪਿੰਡ ਵਿਚੋਂ ਬੂਥਾਂ 'ਤੇ ਕਬਜ਼ੇ ਜਾਂ ਕਿਸੇ ਤਰ੍ਹਾਂ ਦੇ ਤਣਾਅ ਦੀ ਸ਼ਿਕਾਇਤ ਪੁਲਿਸ ਕੋਲ ਨਹੀਂ ਪੁੱਜੀ।


ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਹਰਸਿਮਰਤ ਬਾਦਲ ਨੇ ਪਿੰਡ ਬਾਦਲ 'ਚ ਵੋਟ ਪਾਈ
ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਨੇ ਅੱਜ ਪਿੰਡ ਬਾਦਲ ਪਿੰਡ ਵਿਖੇ ਆਪਣੇ ਵੋਟ ਪਾਉਣ ਦੀ ਅਧਿਕਾਰ ਦੀ ਵਰਤੋਂ ਕੀਤੀ। ਜਦੋਂਕਿ ਪੀ.ਪੀ.ਪੀ. ਦੇ ਆਗੂ ਸ: ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ ਨੇ ਆਪਣੇ ਵੋਟ ਨਹੀਂ ਪਾਏ।
ਇਸ ਮੌਕੇ ਵੋਟ ਪਾਉਣ ਉਪਰੰਤ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ ਚੋਣਾਂ ਵਿਚ ਕਾਂਗਰਸ ਵੱਲੋਂ ਖੁੱਲ੍ਹਾ ਦਖਲ ਦੇਣ ਕਰਕੇ ਭਾਈਚਾਰੇ  ਵਿਚ ਭਾਰੀ ਰੋਸ ਹੈ ਅਤੇ ਜਾਗਰੂਕ ਹੋਏ ਲੋਕ ਕਾਂਗਰਸ ਦੀ ਕਾਰਗੁਜਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਕਾਲੀ ਦਲ (ਬ) ਨੂੰ ਹੂੰਝਾਫੇਰ ਜਿੱਤ ਦਰਜ ਕਰਵਾਉਣਗੇ। ਮੁੱਖ ਮੰਤਰੀ ਨੇ ਬਾਦਲ ਪਿੰਡ ਵਿਚ ਗੈਰ ਸਿੱਖ ਅਤੇ ਸਹਿਜਧਾਰੀ ਲੋਕਾਂ ਦੀਆਂ ਵੋਟਾਂ ਦੇ ਬਾਰੇ ਪੁੱਛੇ ਸੁਆਲ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਬੜੇ ਸਾਊ ਜਿਹੇ ਢੰਗ ਵਿਚ ਕਿਹਾ ਕਿ ''ਨਾ ਤਾਂ ਮੈਨੂੰ ਵੋਟਾਂ ਬਣਨ ਦਾ ਪਤੈ ਅਤੇ ਨਾ ਹੀ ਵੋਟਾਂ ਪਾਉਣਾ।''
ਜਦੋਂਕਿ ਦੂਜੇ ਪਾਸੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਵੋਟ ਪਾਉਣ ਉਪਰੰਤ ਪੱਤਰਕਾਰਾਂ ਦੇ ਮੁਖਾਤਿਬ ਹੁੰਦਿਆਂ ਪਿੰਡ ਬਾਦਲ 'ਚ ਸਹਿਜਧਾਰੀ ਅਤੇ ਗੈਰ ਸਿੱਖਾਂ ਵੱਲੋਂ ਵੋਟਾਂ ਪਾਉਣ ਬਾਰੇ ਇੱਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਿਯਮਾਂ ਅਨੁਸਾਰ ਕੋਈ ਵੀ ਸਹਿਜਧਾਰੀ ਜਾਂ ਗੈਰ ਸਿੱਖ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਜੁੰਮੇਵਾਰੀ ਬੂਥਾਂ 'ਚ ਤਾਇਨਾਤ ਅਮਲੇ ਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਪੰਜਾਬ ਵਿਧਾਨਸਭਾ ਚੋਣਾਂ ਦਾ ਸੈਂਪਲ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਸੈਂਪਲ ਜਿੱਤ ਕੇ ਵਿਧਾਨਸਭਾ ਚੋਣਾਂ ਵਿਚ ਸ਼ਾਨਦਾਰ ਢੰਗ ਨਾਲ ਜਿੱਤਾਂਗੇ।
ਵੋਟ ਪਾਉਣ ਵੱਖੋ-ਵੱਖਰੇ ਤੌਰ 'ਤੇ ਪੁੱਜੇ ਬਾਦਲ ਪਿਉ-ਪੁੱਤਾਂ ਨੇ ਪਿੰਡ ਦੇ ਸਰਕਾਰੀ ਸਕੂਲ ਵਿਖੇ ਬਣੇ ਬੂਥ ਨੰਬਰ 42 ਵਿਚ ਵੋਟ ਪਾਇਆ। ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਲਗਭਗ ਸਾਢੇ 9 ਵਜੇ ਵੋਟ ਪਾਉਣ ਪੁੱਜੇ। ਵੋਟ ਪਾਉਣ ਉਪਰੰਤ ਸ੍ਰੀ ਬਾਦਲ ਤੁਰੰਤ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਰਵਾਨਾ ਹੋ ਗਏ ਅਤੇ ਉਹ ਆਪਣੇ ਰੁਝੇਂਵਿਆਂ ਕਰਕੇ ਬਿਲਕੁੱਲ ਸਾਹਮਣੇ ਸਥਿਤ ਆਪਣੀ ਰਿਹਾਇਸ਼ਗਾਹ 'ਤੇ ਜਾਣ ਦਾ ਵਕਤ ਵੀ ਨਹੀਂ ਕੱਢ ਸਕੇ।
ਜਦੋਂਕਿ ਉਨ੍ਹਾਂ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਆਪਣੀ ਸੰਸਦ ਮੈਂਬਰ ਪਤਨੀ ਬੀਬੀ ਹਰਸਿਮਕਤ ਕੌਰ ਬਾਦਲ ਨਾਲ ਦਿੱਲੀ ਤੋਂ ਲਗਪਗ ਪੌਨੇ 1 ਵਜੇ ਦੇ ਹੈਲੀਕਾਪਟਰ 'ਤੇ ਵੋਟ ਪਾਉਣ ਲਈ ਪਿੰਡ ਬਾਦਲ ਪੁੱਜੇ।
ਮੁੱਖ ਮੰਤਰੀ ਪਰਿਵਾਰ ਦੇ ਤਿੰਨ ਪ੍ਰਮੁੱਖ ਮੈਂਬਰਾਂ ਨੇ ਬੂਥ ਨੰਬਰ 42 ਵਿਚ ਵੋਟ ਨੰਬਰ 852, 854 ਅਤੇ 855 ਦੇ ਤਹਿਤ ਵੋਟਾਂ ਪਾਈਆਂ।

            ਇਸਦੇ ਇਲਾਵਾ ਬਾਦਲ ਖਾਨਦਾਨ ਦੀਆਂ ਹੋਰਨਾਂ ਪ੍ਰੁਮੱਖ ਸ਼ਖਸੀਅਤਾਂ ਵਿਚ ਸੀਨੀਅਰ ਕਾਂਗਰਸ ਆਗੂ ਸ: ਮਹੇਸ਼ਇੰਦਰ ਸਿੰਘ ਬਾਦਲ, ਮੁੱਖ ਮੰਤਰੀ ਦੇ ਰਾਜਸੀ ਸਕੱਤਰ (ਰਾਜ ਮੰਤਰੀ) ਮੇਜਰ ਭੁਪਿੰਦਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਲਾਲੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜਦੋਂਕਿ ਬਾਦਲ ਖਾਨਦਾਨ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਸ: ਹਰਦੀਪਇੰਦਰ ਸਿੰਘ ਬਾਦਲ ਆਪਣੀ ਵੋਟ ਨਾ ਬਣੀ ਹੋਣ ਕਰਕੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹੇ। 

16 September 2011

ਰਾਜਸਥਾਨ ਦੀ 'ਲਾਈਫ ਲਾਈਨ' ਬਣ ਚੱਲੀ ਸੀ ਪੰਜਾਬੀਆਂ ਅਤੇ ਹਰਿਆਣਵੀਆਂ ਲਈ ਡੈੱਡ ਲਾਈਨ

    -ਭਾਰੀ ਮੀਂਹ ਕਰਕੇ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ 'ਚ 15 ਫੁੱਟ ਚੌੜਾ ਤੇ 22 ਫੁੱਟ ਡੂੰਘਾ ਪਿਆ ਘਾਰਾ-

                                                               ਇਕਬਾਲ ਸਿੰਘ ਸ਼ਾਂਤ
ਲੰਬੀ ਖੇਤਰ ਵਿਚ ਮੋਹਲੇਧਾਰ ਬਰਸਾਤ ਕਰਕੇ 16 ਸਤੰਬਰ ਦੇਰ ਸ਼ਾਮ ਨੂੰ ਉਸ ਵੇਲੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇਸ ਸਰਹੱਦੀ ਇਲਾਕੇ ਦੀ ਸਮੁੱਚੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਜਦੋਂ ਲੰਬੀ ਹਲਕੇ ਦੇ ਪਿੰਡ ਮਿੱਡੂਖੇੜਾ ਦੇ ਨਜ਼ਦੀਕ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ ਤੋਂ ਮਿੱਟੀ ਖਿਸਕਣ ਕਰਕੇ ਤਕਰੀਬਨ 15 ਫੁੱਟ ਚੌੜਾ ਅਤੇ 20-20 ਫੁੱਟ ਡੂੰਘਾ ਘਾਰਾ ਪੈ ਗਿਆ।
ਇਸ ਬਾਰੇ ਸੂਚਨਾ ਮਿਲਣ 'ਤੇ ਨਹਿਰ ਦੀ ਜੜ੍ਹ ਵਿਚ ਮੌਜੂਦ ਪਿੰਡ ਮਿੱਡੂਖੇੜਾ ਵਿਚ ਭਾਜੜ ਪੈ ਗਈ ਅਤੇ ਵੱਡੀ ਤਾਦਾਦ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਨਾਲ-ਨਾਲ ਪਿੰਡ ਵਾਸੀਆਂ ਨੇ ਹੌਂਸਲਾ ਅਫਜਾਈ ਭਰਿਆ ਕਦਮ ਚੁੱਕਦਿਆਂ ਆਪਣੇ ਪੱਧਰ 'ਤੇ ਰਾਹਤ ਕਾਰਜ ਆਰੰਭ ਕਰ ਦਿੱਤੇ।
             ਮਾਰਕਫੈੱਡ ਦੇ ਨਿਦੇਸ਼ਕ ਅਤੇ ਸਹਿਕਾਰੀ ਬੈਂਕ ਮੁਸਕਤਰ ਦੇ ਚੇਅਰਮੈਨ ਸ: ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪਿੰਡ ਦੇ ਸਰਪੰਚ ਗੁਰਬਖਸ਼ੀਸ਼ ਸਿੰਘ ਵਿੱਕੀ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਤਕਰੀਬਨ ਸਾਢੇ 6 ਵਜੇ ਪਿੰਡ ਦੇ ਨਜ਼ਦੀਕ ਮਿੱਡੂਖੇੜਾ ਤੋਂ ਫੱਤਾਕੇਰਾ ਅਤੇ ਹਾਕੂਵਾਲਾ ਵਾਲੇ ਪੁੱਲ ਤੋਂ ਲਗਭਗ 2 ਸੌ ਮੀਟਰ ਅਗਾਂਹ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ 'ਤੇ ਮਿੱਡੂਖੇੜਾ ਵਾਲੇ ਵਾਲੇ ਪਾਸੇ ਨੂੰ ਮਿੱਟੀ ਖਿਸਕਣ ਬਾਰੇ ਪਤਾ ਲੱਗਣ 'ਤੇ ਪੰਚਾਇਤ ਅਤੇ ਪਿੰਡ ਦੇ ਲੋਕਾਂ ਵੱਲੋਂ ਅੱਧੀ ਦਰਜਨ ਤੋਂ ਵੱਧ ਟਰੈਕਟਰ ਲਾ ਕੇ ਬੜੇ ਹੈਰਾਨੀਜਨਕ ਢੰਗ ਨਾਲ ਪਏ ਘਾਰੇ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਥਾਂ 'ਤੇ ਪਿੰਡ ਵਾਸੀਆਂ ਦੀ ਆਵਾਜਾਈ ਨਾ ਬਰਾਬਰ ਹੁਦੀ ਹੈ ਪਰ ਖੁਸ਼ਕਿਸਮਤੀ ਨਾਲ ਸਮਾਂ ਰਹਿੰਦੇ ਮਿੱਟੀ ਖਿਸਕਣ ਦਾ ਪਤਾ ਲੱਗ ਗਿਆ।
             ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦੱਸਿਆ ਕਿ ਜੇਕਰ ਖੁਦਾ ਨਾ ਖਾਸਤਾ ਜ਼ਮੀਨ ਉੱਪਰ ਬਨਾਹੀ 'ਤੇ ਬਣੀ ਨਹਿਰ ਵਿਚ ਕੋਈ ਪਾੜ ਵਗੈਰਾ ਪੈ ਜਾਂਦਾ ਤਾਂ ਤਿੰਨਾਂ ਸੂਬਿਆਂ ਦੇ ਸਰਹੱਦੀ ਇਲਾਕਿਆਂ ਕਈ-ਕਈ ਕਿਲੋਮੀਟਰ ਤੱਕ ਜਾਨ-ਮਾਨ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਸੀ। ਇਸੇ ਦੌਰਾਨ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ  ਇਸ 'ਬੰਦੇ ਖਾਣੀ' ਨਹਿਰ 'ਤੇ ਤਾਇਨਾਤ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਰਕੇ ਅਜਿਹਾ ਹਾਦਸਾ ਵਾਪਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੇ ਕਰਮਚਾਰੀਆਂ ਦਾ ਨਹਿਰ ਦੀ ਰਾਖੀ ਵੱਲ ਘੱਟ ਧਿਆਨ ਅਤੇ ਨਹਿਰ ਕੰਢੇ ਲੱਗੇ ਰੁੱਖਾਂ ਦੀ ਲੱਕੜ ਨੂੰ ਚੁੱਕਣ ਵੱਲ ਧਿਆਨ ਹੁੰਦਾ ਹੈ।
           ਜ਼ਿਕਰਯੋਗ ਹੈ ਕਿ ਰਾਜਸਥਾਨ ਕੈਨਾਲ ਨਹਿਰ ਦਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਅਤੇ ਇਹ ਨਹਿਰ ਰਾਜਸਥਾਨ ਦੇ ਲੋਕਾਂ ਲਈ ਲਾਈਨ ਲਾਈਫ' ਵਜੋਂ ਜਾਂਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਮਿੱਡੂਖੇੜਾ ਵਾਲੇ ਪਾਸੇ ਵੱਲ ਇਸ ਨਹਿਰ ਪੜਟੀ ਨੂੰ ਚੌੜਾ ਅਤੇ ਮਜ਼ਬੂਤ ਕਰਕੇ ਇਸ ਉੱਪਰ ਪੱਕੀ ਸੜਕ ਬਣਾਈ ਤਾਂ ਭਵਿੱਖ ਅਜਿਹੀ ਘਟਨਾ ਨਾ ਵਾਪਰ ਸਕੇ।
          ਇਸੇ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਨਹਿਰ ਦੀ ਪਟੜੀ ਤੋਂ ਮਿੱਟੀ ਖਿਸਕਣ ਬਾਰੇ ਸੂਚਨਾ ਮਿਲਣ 'ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਅਮਲਾ ਅਤੇ ਰਾਹਤ ਕਾਰਜਾਂ ਲਈ ਜੇ.ਸੀ.ਬੀ. ਮਸ਼ੀਨਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ।

11 September 2011

ਮੀਂਹਾਂ ਕਰਕੇ ਜੀਰੋ ਲੇਵਲ 'ਤੇ ਪੁੱਜੀ ਲੰਬੀ ਦੇ ਦਰਜਨ ਪਿੰਡਾਂ ਦੀ ਕਿਰਸਾਨੀ


-ਫਸਲਾਂ 'ਚ ਖੜ੍ਹੇ ਪਾਣੀ 'ਚੋਂ ਆਪਣਾ ਹਨ੍ਹੇਰੇ ਭਰਿਆ ਭਵਿੱਖ ਵੇਖ ਰਹੇ ਨੇ ਕਿਸਾਨ-
                                                          -ਇਕਬਾਲ ਸਿੰਘ ਸ਼ਾਂਤ-
ਮੀਂਹ ਕਰਕੇ ਹੋਈ ਬਰਬਾਦੀ ਨਾਲ ਲੰਬੀ ਹਲਕੇ ਦੇ ਦਰਜਨ ਭਰ ਪਿੰਡਾਂ ਦੀ ਕਿਰਸਾਨੀ ਇੱਕ ਵਾਰ ਮੁੜ ਤੋਂ ਜੀਰੋ ਲੇਵਲ 'ਤੇ ਆ ਗਈ ਹੈ। ਪਿਛਲੇ ਪੰਜ ਸਾਲਾਂ ਤੋਂ ਸੇਮਗ੍ਰਸਤ ਇਲਾਕੇ ਵਿਚ ਰੱਜਵੇਂ ਮੀਂਹ ਨਾ ਪੈਣ ਕਰਕੇ ਖੁਦ ਨੂੰ ਕੁਝ ਮਹਿਫੂਜ ਮੰਨਣ ਲੱਗੇ ਕਿਸਾਨਾਂ ਨੂੰ ਹੁਣ ਫਿਰ ਫਸਲਾਂ ਵਿਚ ਕਈ-ਕਈ ਫੁੱਟ ਤੱਕ ਖੜ੍ਹੇ ਪਾਣੀ ਵਿਚੋਂ ਆਪਣਾ ਹਨ੍ਹੇਰੇ ਭਰਿਆ ਭਵਿੱਖ ਸਾਫ਼ ਵਿਖਾਈ ਦੇਣ ਲੱਗਿਆ ਹੈ।
ਮੁੱਖ ਮੰਤਰੀ ਦੇ ਹਲਕੇ ਵਿਚ ਭਾਰੀ ਮੀਂਹ ਕਰਕੇ ਲਗਪਗ 5-6 ਹਜ਼ਾਰ ਏਕੜ ਨਰਮਾ ਅਤੇ ਝੋਨੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ, ਉਥੋਂ ਪਿੰਡਾਂ ਵਿਚ ਵਸੋਂ ਵਾਲੇ ਇਲਾਕਿਆਂ ਵਿਚ ਮੀਂਹ ਕਰਕੇ ਘਰਾਂ ਦੇ ਡਿੱਗਣ ਜਾਂ ਨੁਕਸਾਨਗ੍ਰਸਤ ਹੋਣ ਸੈਂਕੜੇ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨੀ ਦੇ ਮਾਹੌਲ ਵਿਚੋਂ ਲੰਘ ਰਹੇ ਹਨ। ਮੋਜੂਦਾ ਮਾਹੌਲ ਵਿਚ ਖੇਤਰ ਦੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਰੁਕ ਜਿਹੀ ਗਈ ਤੇ ਉਹ ਮੁੜ ਤੋਂ ਪੈਰਾਂ 'ਤੇ ਖੜ੍ਹੇ ਹੋਣ ਲਈ ਉਸ ਸਰਕਾਰੀ ਢਾਂਚੇ ਵੱਲ ਤੱਕਣ ਨੂੰ ਮਜ਼ਬੂਰ ਹੈ ਜਿਸਦੇ ਬੇਵਿਉਂਤੇ ਵਿਕਾਸ ਕਾਰਜਾਂ ਕਰਕੇ ਅੱਜ ਉਸ ਵੇਲੇ ਹੜ੍ਹਾ ਜਿਹੀ ਸਥਿਤੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ ਜਦੋਂ ਸੂਬੇ ਦੇ ਸਾਰੇ ਵੱਡੇ-ਵੱਡੇ ਡੈਮ ਪਿਛਲੇ ਵਰ੍ਹਿਆਂ ਤੋਂ ਘੱਟ ਪੱਧਰ 'ਤੇ ਵਗ ਰਹੇ ਹਨ।
ਖੇਤਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਆਪਣੇ ਪਿਛਲੇ ਰਾਜ ਦੌਰਾਨ ਲੰਬੀ ਵਿਧਾਨਸਭਾ ਹਲਕੇ ਵਿਚ ਕੱਢੇ ਸੇਮ ਨਾਲੇ ਪੂਰੀ ਤਰ੍ਹਾਂ ਸਿਆਸੀ ਹਿੱਤਾਂ ਅਤੇ ਬਿਨ੍ਹਾਂ ਕਿਸੇ ਵਿਉਂਤਬੰਦੀ ਦੇ ਕੱਢੇ ਗਏ ਹਨ। ਪਿੰਡ ਰੋੜਾਂਵਾਲੀ ਦੇ ਕਿਸਾਨਾਂ ਰਣਦੀਪ ਸਿੰਘ ਭੋਲਾ, ਕੱਖਾਂਵਾਲੀ ਦੇ ਨਿਰਮਲ ਸਿੰਘ ਹੁਰਾਂ ਨੇ ਕਿਹਾ ਕਿ ਕੱਖਾਂਵਾਲੀ-ਪੰਜਾਵਾ-ਤਰਮਾਲਾ-ਰੋੜਾਂਵਾਲੀ ਲਿੰਕ ਡਰੇਨ ਦੀ ਚੌੜਾਈ ਘੱਟ ਹੋਣ ਅਤੇ ਲੇਵਲ ਦਰੁੱਸਤ ਨਾ ਹੋਣ ਕਾਰਨ ਖੇਤਰ ਵਿਚ ਹੜ੍ਹਾਂ ਜਿਹੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਿੰਡ ਕੱਖਾਂਵਾਲੀ ਦੇ ਨਾਲ ਦੀ ਲੰਘਦੀ ਡਰੇਨ ਦੀ ਸਫਾਈ ਵੀ ਨਹੀਂ ਕਰਵਾਈ ਗਈ।
ਭਾਵੇਂ ਮੌਨਸੂਨ ਤੋਂ ਪਹਿਲਾਂ ਸੁੱਤਾ ਰਿਹਾ ਸਰਕਾਰੀ ਅਮਲਾ ਹੁਣ ਮੀਂਹਾਂ ਦੀ ਮਾਰ ਹੇਠ ਆਏ ਖੇਤਰ ਦੇ ਡੂੰਘੇ ਅਤੇ ਨੀਂਵੇ ਪਿੰਡਾਂ ਤੱਪਾਖੇੜਾ, ਕੁੱਤਿਆਂਵਾਲੀ, ਪੱਕੀ ਟਿੱਬੀ ਅਤੇ ਸਰਾਵਾਂ ਬੋਦਲਾ, ਕੱਟਿਆਂਵਾਲੀ ਅਤੇ ਦਿਉਣਖੇੜਾ ਵਿਚ ਪਾਣੀ ਦੀ ਨਿਕਾਸੀ ਲਈ ਹੰਭਲੇ ਨਜ਼ਰ ਆ ਰਿਹਾ ਹੈ ਪਰ ਮੀਂਹਾਂ ਕਰਕੇ ਜਮੀਨ ਮੁੜ ਤੋਂ ਸੇਮ ਜਾਗਣ ਨਾਲ ਸਥਿਤੀ ਭਿਅੰਕਰ ਹੋ ਗਈ। ਜਿਸ ਨਾਲ ਮੌਜੂਦਾ ਹਾਲਾਤਾਂ ਮੁੱਖ ਮੰਤਰੀ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।
ਮੀਂਹਾਂ ਉਪਰੰਤ ਭਾਵੇਂ ਪਿੰਡਾਂ ਵਿਚ ਪਾਣੀ ਦੀ ਨਿਕਾਸੀ ਲਈ ਵੱਡੇ ਪੱਧਰ 'ਤੇ ਟਿਊਬਵੈੱਲ ਅਤੇ ਪੱਖੇ ਪਾਣੀ ਨਿਕਾਸੀ ਲਈ ਲਾ ਦਿੱਤੇ ਗਏ ਹਨ ਪਰ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਸਰਕਾਰੀ ਢਾਂਚੇ ਵੱਲੋਂ ਲੱਖਾਂ-ਹਜ਼ਾਰਾਂ ਰੁਪਏ ਖਰਚਣ ਦੇ ਬਾਅਦ ਵੀ ਪਿੰਡਾਂ ਵਿਚ ਪਾਣੀ ਨਿਕਾਸੀ ਦੇ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਪੁਖਤਾ ਨਹੀਂ ਸਾਬਤ ਹੋ ਰਹੇ। ਪਿੰਡ ਤੱਪਾਖੇੜਾ ਵਿਖੇ ਆਬਾਦੀ 'ਚ ਖੜ੍ਹੇ ਪਾਣੀ ਦਾ ਨਿਕਾਸੀ ਕਰਨ ਲਈ ਦੋ-ਤਿੰਨ ਟਿਊਬਵੈੱਲਾਂ ਰਾਹੀਂ ਪਾਣੀ ਨੂੰ ਉਸ ਤੋਂ ਉੱਪਰ ਦੇ ਪੱਧਰ ਵਾਲੇ ਸੇਮ ਨਾਲੇ ਵਿਚ ਸੁੱਟਿਆ ਜਾ ਰਿਹਾ ਹੈ ਓਵਰਫਲੋ ਹੋਣ ਕਰਕੇ ਸੇਮ ਨਾਲੇ ਵਿਚੋਂ ਥੋੜ੍ਹੀ ਦੂਰ ਜਾ ਕੇ ਤੋਂ ਉਹੀ ਪਾਣੀ ਮੁੜ ਵਾਪਸ ਜਾ ਰਿਹਾ ਹੈ।
ਇਨ੍ਹਾਂ ਪਿੰਡਾਂ ਵਿਚ ਇਹ ਸਥਿਤੀ ਹੈ ਕਿ ਬਹੁਤ ਲੋਕਾਂ ਦੇ ਘਰ ਢਹਿ-ਢੇਰੀ ਹੋਣ ਨਾਲ ਉਹ ਆਂਗਣਵਾੜੀ ਕੇਂਦਰ, ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਵਿਚ ਸ਼ਰਨ ਲਏ ਹੋਏ ਹਨ। ਖੇਤਰ ਦੇ ਬਹੁਤੇ ਪਿੰਡ ਦਾ ਸੜਕਾਂ 'ਤੇ ਕਈ-ਕਈ ਫੁੱਟ ਹੋਣ ਨਾਲ ਆਪਸੀ ਸੰਪਰਕ ਟੁੱਟ ਗਿਆ ਹੈ। ਜਿਆਦਾਤਰ ਸਕੂਲ ਬੰਦ ਹਨ ਤੇ ਸਿਹਤ ਸਹੂਲਤਾਂ ਤੋਂ ਲੋਕ ਅਜੇ ਵੀ ਵਾਂਝੇ ਹਨ।
ਇਸਤੋਂ ਇਲਾਵਾ ਬਹੁਤੇ ਗਰੀਬ ਪਰਿਵਾਰ ਜਿਨ੍ਹਾਂ ਦੇ ਮਕਾਨ ਮੀਂਹ ਨੇ ਖਾ ਲਏ ਤੇ ਕਿਸਾਨੀ 'ਤੇ ਮੀਂਹਾਂ ਦੀ ਮਾਰ ਪੈਣ ਕਰਕੇ ਦੋ ਜੂਨ ਦੀ ਰੋਟੀ ਦਾ ਜੁਗਾੜ ਵੀ ਔਖਾ ਜਾਪ ਰਿਹਾ ਹੈ। ਭਾਵੇਂ ਜਿਲ੍ਹਾ ਪ੍ਰਸ਼ਾਸਨ ਨੇ ਪਿੰਡ ਤੱਪਾਖੇੜਾ ਵਗੈਰਾ ਵਿਖੇ ਲੋਕਾਂ ਲਈ ਲੰਗਰ ਚਲਾਇਆ ਹੋਇਆ ਹੈ ਪਰ ਇਸਤੋਂ ਇਲਾਵਾ ਰੋਜ਼ਾਨਾ ਜ਼ਿੰਦਗੀ ਦੀਆਂ ਦਰਜਨਾਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਸਕਦੀਆਂ।
ਉਂਝ ਸਰਕਾਰੀ ਅੰਕੜਿਆਂ ਅਨੁਸਾਰ ਪਿੰਡ ਤੱਪਾਖੇੜਾ ਵਿਖੇ ਮੀਂਹ ਕਰਕੇ 18 ਮਕਾਨ ਡਿੱਗ ਪਏ ਹਨ ਜਦੋਂਕਿ 17 ਘਰਾਂ 'ਚ ਤਰੇੜਾਂ, 10 ਘਰ ਹੇਠਾਂ ਬੈਠ ਗਏ, 7 ਦੀਆਂ ਛੱਤਾਂ ਲੀਕ, 6 ਕੰਧਾਂ ਡਿੱਗੀਆਂ ਅਤੇ ਇੱਕ ਮੱਝ ਮਰੀ। ਜਿਸਦੇ ਕਰਕੇ 80 ਪਰਿਵਾਰਾਂ ਦੇ 393 ਜੀਆਂ ਨੇ ਮੀਂਹਾਂ ਬਾਅਦ ਆਂਗਣਵਾੜੀ ਕੇਂਦਰ, ਪ੍ਰਾਇਮਰੀ ਸਕੂਲ ਸਮੇਤ ਵੱਢ-ਵੱਖ ਸਾਂਝੀਆ ਥਾਵਾਂ 'ਤੇ ਸ਼ਰਨ ਲਈ ਹੋਈ ਹੈ। ਮਾਲ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਾਪਤ ਵੇਰਵਿਆਂ ਅਨੁਸਾਰ ਸੈਂਕੜੇ ਵਿਅਕਤੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂਕਿ ਹੁਣ ਪਸ਼ੂਆਂ ਲਈ 37 ਬੋਰੀਆਂ ਫੀਡ ਅਤੇ 100 ਤਿਰਪਾਲਾਂ ਵੀ ਦਿੱਤੀਆਂ ਗਈਆਂ ਹਨ।
ਇਸੇ ਦੌਰਾਨ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਲਸ਼ਨ ਨਾਗਪਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਲੰਬੀ ਹਲਕੇ ਵਿਚ ਪੈਂਦੀਆਂ ਸਾਰੀਆਂ ਡਰੇਨਾਂ ਦੀ ਸਫਾਈ ਪੂਰੀ ਵਿਉਂਤਬੰਦੀ ਨਾਲ ਕਰਵਾਈ ਗਈ ਸੀ ਪਰ ਇਸ ਵਾਰ ਮੀਂਹ ਹੱਦੋਂ ਵੱਧ ਪੈਣ ਕਰਕੇ ਹੇਠਲੇ ਪਿੰਡਾਂ ਵਿਚ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਅਗਾਊਂ ਸਫ਼ਾਈ ਹੋਣ ਕਰਕੇ ਬਹੁਤ ਸਾਰੇ ਪਿੰਡਾਂ ਮੀਂਹਾਂ ਦੇ ਪਾਣੀ ਦੀ ਮਾਰ ਤੋਂ ਬਚ ਗਏ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੇਂਡੂ ਵਿਕਾਸ ਸੈੱਲ ਦੇ ਸੂਬਾ ਕਾਰਜਕਾਰਨੀ ਮੈਂਬਰ ਸ: ਰਣਧੀਰ ਸਿੰਘ 'ਧੀਰਾ ਖੁੱਡੀਆਂ' ਨੇ ਕਿਹਾ ਕਿ ਅਕਾਲੀ ਸਰਕਾਰ ਦੇ ਲਾਪਰਵਾਹ ਰਵੱਈਏ ਅਤੇ ਅਖੌਤੀ ਨੀਤੀਆਂ ਕਾਰਨ ਮੀਂਹਾਂ ਦੇ ਪਾਣੀ ਨੇ ਪਿੰਡਾਂ ਨੂੰ ਆਪਣੇ ਕਲਾਵੇ ਵਿਚ ਲਿਆ। ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ਬਰਬਾਦੀ ਦੇ ਕੰਢੇ 'ਤੇ ਆ ਖੜ੍ਹੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਸੇਮ ਨਾਲਿਆਂ ਦੇ ਨਿਰਮਾਣ ਵਿਚ ਅਣਗਹਿਲੀ ਅਤੇ ਕਥਿਤ ਘਪਲੇਬਾਜ਼ੀ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਅਤੇ ਮੀਂਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਲੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।

04 September 2011

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ 'ਚ ਡੱਬਵਾਲੀ ਅਤੇ ਲੰਬੀ ਹਲਕੇ ਦਾ ਹੋਇਆ ਦਬਦਬਾ ਕਾਇਮ


                                                           -ਇਕਬਾਲ ਸਿੰਘ ਸ਼ਾਂਤ-
ਪੰਜਾਬ ਅਤੇ ਹਰਿਆਣੇ ਦੀ ਰਵਾਇਤੀ ਸਿਆਸਤ 'ਤੇ ਗਹਿਰਾ ਪ੍ਰਭਾਵ ਰੱਖਦੇ ਲੰਬੀ ਹਲਕੇ ਅਤੇ ਡੱਬਵਾਲੀ ਖੇਤਰ ਦਾ ਦਬਦਬਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਬੀਤੇ ਦਿਨ੍ਹੀਂ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ 'ਚ ਕਾਇਮ ਰਿਹਾ।
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਲੰਬੀ ਹਲਕੇ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਅਗਵਾਈ ਵਾਲੀ ਜਥੇਬੰਦੀ 'ਸੋਪੂ' ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਸੂਬੇ ਦੀ ਵਿਦਿਆਰਥੀ ਰਾਜਨੀਤੀ ਵਿਚ ਨਵਾਂ ਇਤਿਹਾਸ ਸਿਰਜਿਆ ਹੈ।
         ਸੋਪੂ ਅਤੇ ਸੋਈ ਗੱਠਜੋੜ ਦੀ ਟਿਕਟ 'ਤੇ ਰਿਕਾਰਡ 1001 ਵੋਟਾਂ ਨਾਲ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਪੁਸ਼ਪਿੰਦਰ ਸ਼ਰਮਾ ਵੀ ਡੱਬਵਾਲੀ ਸ਼ਹਿਰ ਦੇ ਵਸਨੀਕ ਹਨ।  ਜਿਨ੍ਹਾਂ ਦੇ ਪਿਤਾ ਉੱਘੇ ਸਮਾਜ ਸੇਵੀ ਸਵਰਗੀ ਸੁਭਾਸ਼ ਸ਼ਰਮਾ ਨੇ ਸੰਨ 82 ਦੇ ਦੌਰ ਵਿਚ ਖੁਸ਼ਦਿਲ ਕਲਚਰਲ ਸੁਸਾਇਟੀ ਦਾ ਸਥਾਪਨਾ ਕਰਕੇ ਇਲਾਕੇ ਵਿਚ ਸੱਭਿਆਚਾਰਕ ਸਫ਼ਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ।
            ਖੇਤਰ ਦੇ ਪਿੰਡ ਮਿੱਡੂਖੇੜਾ ਦੇ ਸਾਬਕਾ ਸਰਪੰਚ ਅਤੇ ਧੱਕੜ ਆਗੂ ਵਜੋਂ ਜਾਣੇ ਜਾਂਦੇ ਸ: ਗੁਰਦਿਆਲ ਸਿੰਘ ਮਿੱਡੂਖੇੜਾ ਦੇ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਉਰਫ਼ 'ਵਿੱਕੀ ਮਿੱਡੂਖੇੜਾ' ਜੋ ਕਿ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ 'ਸੋਪੂ' ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਅਜੋਕੇ ਦੌਰ ਵਿਚ ਪੰਜਾਬ ਦੀ ਵਿਦਿਆਰਥੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਹੈ।
          ਵਿੱਕੀ ਮਿੱਡੂਖੇੜਾ ਨੇ ਅੱਜ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸੋਪੂ ਅਤੇ ਸੋਈ ਨੇ ਇੱਕ ਸਾਂਝੇ ਗੱਠਜੋੜ ਦੇ ਤਹਿਤ ਇਨਸੋ, ਏ.ਬੀ.ਵੀ.ਪੀ ਅਤੇ ਪੁਸੂ ਦੇ ਤੀਹਰੇ ਗੱਠਜੋੜ ਨੂੰ ਧੂਲ ਚਟਾਉਂਦਿਆਂ ਚੰਡੀਗੜ੍ਹ ਦੇ 7 ਦੇ ਕਰੀਬ ਕਾਲਜਾਂ ਵਿਚੋਂ  ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਸ੍ਰੀ ਮਿੱਡੂਖੇੜਾ ਨੇ ਦੱਸਿਆ ਕਿ ਉਨ੍ਹਾਂ 'ਤੇ ਅਦਾਲਤ  ਵਿਚ ਵੱਖ-ਵੱਖ ਮਾਮਲੇ ਵਿਚਾਰਧੀਨ ਹੋਣ ਕਰਕੇ ਤਕਨੀਕੀ ਪੱਖੋਂ ਉਹ ਚੋਣ ਲੜ੍ਹਣ ਦੇ ਅਯੋਗ ਸਨ। ਜਿਸ ਕਰਕੇ ਉਨ੍ਹਾਂ ਨੇ ਜਥੇਬੰਦੀ ਦੇ ਨੌਜਵਾਨ ਆਗੂ ਪੁਸ਼ਪਿੰਦਰ ਸ਼ਰਮਾ ਉਰਫ਼ ਮਨੂੰ (ਡੱਬਵਾਲੀ) ਨੂੰ ਆਪਣਾ ਉਮੀਦਵਾਰ ਥਾਪਿਆ। ਉਨ੍ਹਾਂ ਕਿਹਾ ਕਿ ਸੋਪੂ+ਸੋਈ ਗੱਠਜੋੜ ਦੇ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ 3730 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਸੁਮਿਤ ਮਿਗਲਾਨੀ ਨੂੰ 1001 ਵੋਟਾਂ ਦੇ ਫ਼ਰਕ ਨਾਲ ਹਰਾਇਆ।      
            ਦਿਲਚਸਪ ਗੱਲ ਇਹ ਵੀ ਹੈ ਕਿ ਸੁਮਿਤ ਮਿਗਲਾਨੀ ਵੀ ਨੇੜਲੇ ਸ਼ਹਿਰ ਮਲੋਟ ਦੇ ਵਸਨੀਕ ਹਨ ਜਿਨ੍ਹਾਂ ਨੂੰ 2729 ਵੋਟਾਂ ਮਿਲੀਆਂ।ਡੱਬਵਾਲੀ ਸ਼ਹਿਰ ਤੇ ਲੰਬੀ ਹਲਕੇ ਦੇ ਸੋਪੂ ਅਤੇ ਸੋਈ ਦੇ ਕਾਰਕੁੰਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਪੂ ਦੇ ਪ੍ਰਧਾਨ ਵਿੱਕੀ ਮਿੱਡੂਖੇੜਾ ਅਤੇ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਪੁਸ਼ਪਿੰਦਰ ਸ਼ਰਮਾ ਦਾ ਖੇਤਰ ਵਿਚ ਆਉਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
M. No. 98148-26100/93178-26100
Fax : 011-4582-3232
Email : iqbal.shant@gmail.com